ਤਿੰਨ ਘੰਟੇ ਸੜਕਾਂ ਜਾਮ ਰੱਖਣਗੇ ਕਿਸਾਨ ,5 ਨਵੰਬਰ ਨੂੰ ਸੱਤ ਕਿਸਾਨ ਜਥੇਬੰਦੀਆਂ ਝੋਨੇ ਦੀ ਲੁੱਟ ਖਸੁੱਟ ਵਿਰੁੱਧ ਕਰਨਗੀਆਂ ਰੋਸ ਪ੍ਰਦਰਸ਼ਨ

ਚੰਡੀਗੜ 1 ਨਵੰਬਰ (STAFF REPORTER ) ਵਧੇਰੇ ਨਮੀ ਦੇ ਬਹਾਨੇ ਹੇਠਾਂ ਮੰਡੀਆਂ ’ਚ ਹੋ ਰਹੀ ਝੋਨੇ ਦੀ ਲੁੱਟ-ਖਸੁੱਟ ਬੰਦ ਕਰਵਾਉਣ ਅਤੇ ਮਿਥੇ ਹੋਏ ਭਾਅ ’ਤੇ ਪੂਰਾ ਝੋਨਾ ਖਰੀਦਣ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ 12 ਤੋਂ 3 ਵਜੇ ਤੱਕ ਪੰਜਾਬ ਭਰ ’ਚ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਜਾਣਕਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਦੱਸਿਆ ਗਿਆ ਕਿ ਮੰਡੀਆਂ ’ਚ ਹਫਤਿਆਂ ਬੱਧੀ ਰੁਲ ਰਹੇ ਕਿਸਾਨਾਂ ਵੱਲੋਂ ਥਾਂ-ਥਾਂ ਰੋਸ ਧਰਨੇ ਤੇ ਸੜਕ-ਜਾਮ ਲਗਾ ਕੇ ਕੀਤੇ ਰੋਸ ਪ੍ਰਗਟਾਵਿਆਂ ਨੂੰ ਸਰਕਾਰ ਵੱਲੋਂ ਬਿਲਕੁਲ ਨਜ਼ਰਅੰਦਾਜ਼ ਕਰਨ ਮਗਰੋਂ ਹੀ ਇਹ ਤਿੱਖਾ ਰੋਸ ਐਕਸ਼ਨ ਮਜਬੂਰਨ ਕੀਤਾ ਜਾ ਰਿਹਾ ਹੈ। ਇਸ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਰ ਜਥੇਬੰਦੀਆਂ ’ਚ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ), ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਅਜ਼ਾਦ ਕਿਸਾਨ ਸੰਘਰਸ਼ ਕਮੇਟੀ  ਪੰਜਾਬ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸ਼ੁਮਾਰ ਹਨ। ਕਿਸਾਨਾਂ ਦੀ ਮੁੱਖ ਮੰਗ ਹੈ ਕਿ ਝੋਨੇ ’ਚ ਨਮੀ ਦੀ ਮਾਤਰਾ ਹੱਦ 17 ਦੀ ਥਾਂ 24 ਫੀਸਦੀ ਕੀਤੀ ਜਾਵੇ, ਕਿਉਕਿ 22 ਫੀਸਦੀ ਸਰਕਾਰੀ ਹੱਦ ਤਾਂ ਉਦੋਂ ਰਹੀ ਹੈ ਜਦੋਂ ਸਾਰਾ ਝੋਨਾ 31 ਮਈ ਤੱਕ ਬੀਜਿਆ ਜਾਂਦਾ ਸੀ। ਹੁਣ ਜਦੋਂ ਸਰਕਾਰੀ ਧੱਕੇਸ਼ਾਹੀ ਕਾਰਨ ਕਿਸਾਨਾਂ ਨੂੰ 20 ਜੂਨ ਤੋਂ ਮਸਾਂ 10 ਜੁਲਾਈ ਤੱਕ ਝੋਨਾ ਬੀਜਣਾ ਪਿਆ ਹੈ ਤਾਂ ਪਛੇਤੀ ਵਾਢੀ ਕਾਰਨ ਨਮੀਂ ਦੀ ਹੱਦ ਹੋਰ ਵਧਾਉਣੀ ਚਾਹੀਦੀ ਸੀ, ਘਟਾਉਣ ਦੀ ਕੋਈ ਤੁਕ ਨਹੀਂ ਬਣਦੀ। ਪਛੇਤੀ ਬਿਜਾਈ ਨਾਲ ਤਾਂ ਝੋਨੇ ਦਾ ਝਾੜ ਵੀ ਔਸਤਨ ਤਿੰਨ ਕੁਇੰਟਲ ਪ੍ਰਤੀ ਏਕੜ ਘਟਿਆ ਹੈ। ਇਸ ਲਈ ਘਟੇ ਹੋਏ ਝਾੜ ਦਾ ਮੁਆਵਜ਼ਾ ਵੀ ਇਸੇ ਹਿਸਾਬ ਨਾਲ ਦੇਣਾ ਮੌਜੂਦਾ ਸਾਂਝੇ ਸੰਘਰਸ਼ ਦੀ ਮੰਗ ਹੈ। ਸੁਪਰਫਾਈਨ ਝੋਨੇ ਦੇ ਭਾਅ ’ਚ 200 ਰੁ: ਕੁਇੰਟਲ ਦੇ ਵਾਧੇ ਦਾ ਸਰਕਾਰੀ ਐਲਾਲ ਵੀ ਨਿਰਾ ਫਰਾਡ ਸਾਬਤ ਹੋਇਆ ਹੈ। ਪਿਛਲੇ ਸਾਲ 1590 ਰੁ: ਕੁਇੰਟਲ ਵਿਕਿਆ ਸੁਪਰਫਾਈਨ ਹੁਣ 1770 ਨੂੰ ਹੀ ਖਰੀਦਿਆਂ ਜਾ ਰਿਹਾ ਹੈ। ਸਿਰਫ਼ 180 ਰੁ: ਦਾ ਵਾਧਾ ਕੀਤਾ ਹੈ। ਇਹ ਫਰਾਡਬਾਜ਼ੀ ਦੂਰ ਕਰਕੇ ਪੂਰਾ 200 ਰੁ: ਵਾਧਾ ਦੇਣ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਦੀ ਮੰਗ ਹੈ ਕਿ ਝੋਨੇ ਦੀ ਖਰੀਦ ਸਮੇਂ ਮੰਡੀਆਂ ’ਚ ਸ਼ੈਲਰ-ਮਾਲਕਾਂ ਦੀ ਦਖ਼ਲਅੰਦਾਜ਼ੀ ਬਿਲਕੁਲ ਬੰਦ ਕੀਤੀ ਜਾਵੇ। ਵਧੇਰੇ ਨਮੀ ਦੇ ਬਹਾਨੇ ਝੋਨੇ ਦੇ ਅਸਲੀ ਵਜ਼ਨ ਵਿੱਚੋਂ ਤਿੰਨ ਤੋਂ ਪੰਜ ਫੀਸਦੀ ਕਟੌਤੀ ਬੰਦ ਕੀਤੀ ਜਾਵੇ। ਵਜ਼ਨ-ਤੁਲਾਈ ਡਿਜਿਟਲ ਕੰਡਿਆਂ ਰਾਹੀਂ ਕਰਨ ਦੇ ਸਰਕਾਰੀ ਹੁਕਮਾਂ ਨੂੰ ਪੈਰਾਂ ’ਚ ਰੋਲਦਿਆਂ ਫਰਸ਼ੀ ਕੰਡਿਆਂ ਦੁਆਰਾ ਵੱਧ ਤੋਲਦੇ ਫੜੇ ਗਏ ਆੜਤੀਆਂ ਖਿਲਾਫ਼ 420 ਦੇ ਕੇਸ ਵੀ ਦਰਜ ਕੀਤੇ ਜਾਣ। ਡਿਜਿਟਲ ਕੰਡਿਆਂ ਦੀ ਵਰਤੋਂ ਦੀ ਗਰੰਟੀ ਕੀਤੀ ਜਾਵੇ ਅਤੇ ਬੋਰੀ ਦੇ ਅਸਲੀ ਵਜ਼ਨ ਨਾਲੋਂ 150-200 ਗ੍ਰਾਮ ਵੱਧ ਗਿਣਨ ਰਾਹੀਂ ਕੀਤੀ ਜਾ ਰਹੀ ਲੁੱਟ ਵੀ ਬੰਦ ਕੀਤੀ ਜਾਵੇ। ਪ੍ਰੈਸ ਬਿਆਨ ਦੇ ਅਖੀਰ ’ਚ ਪੰਜਾਬ ਦੇ ਸਮੂਹ ਝੋਨਾ ਉਤਪਾਦਕ ਕਿਸਾਨਾਂ ਨੂੰ 5 ਨਵੰਬਰ ਦੇ ਇਸ ਰੋਸ ਐਕਸ਼ਨ ਵਿੱਚ ਵਧ ਚੜ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।