ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ- ਬਲਕਰਨ ਮੋਗਾ
ਮੋਗਾ,1 ਨਵੰਬਰ(ਜਸ਼ਨ): ਟਰੇਡ ਯੂਨੀਅਨ ਕੌਂਸਲ ਮੋਗਾ ਵੱਲੋਂ ਪਿੰਡ ਝੰਡੇਵਾਲਾ ਵਿਖੇ ਨਰੇਗਾ ਮਜਦੂਰਾਂ ਦੀ ਮੀਟਿੰਗ ਕਰਵਾਈ ਗਈ । ਮੀਟਿੰਗ ਦੀ ਪ੍ਰਧਾਨਗੀ ਟਰੇਡ ਯੂਨੀਅਨ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਨੇ ਕੀਤੀ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਬਲਕਰਨ ਮੋਗਾ ਨੇ ਕਿਹਾ ਕਿ ਨਰੇਗਾ ਕਾਨੂੰਨ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ । ਉਹਨਾਂ ਕਿਹਾ ਕਿ ਨਰੇਗਾ ਵਰਕਰਾਂ ਵਿੱਚ ਸਰਕਾਰੀ ਤੌਰ ਤੇ ਕੀਤੀ ਜਾ ਰਹੀ ਰਾਜਨੀਤਿਕ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਨਰੇਗਾ ਕਾਨੂੰਨ ਦੀ ਕੰਮ ਸਮਾਂ ਸੀਮਾ ਸਾਲ ਵਿੱਚ 200 ਦਿਨ ਅਤੇ ਦਿਹਾੜੀ 500 ਸੌ ਰੁਪਿਆ ਕੀਤੀ ਜਾਵੇ । ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ ਮਹੀਨਾ ਦਿੱਤੀ ਜਾਵੇ ਮੁਫਤ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਨਾਲ ਨਾਲ ਨਰੇਗਾ ਵਰਕਰਾਂ ਦੇ ਕੀਤੇ ਕੰਮਾਂ ਦਾ ਭੁਗਤਾਨ ਵੀ ਤੁਰੰਤ ਕੀਤਾ ਜਾਵੇ । ਬਲਕਰਨ ਮੋਗਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਹਰ ਪਰਿਵਾਰ ਵਿੱਚ ਪੱਕੇ ਰੁਜਗਾਰ ਦੀ ਗਰੰਟੀ ਕਰੇ ,ਕਿਸਾਨਾਂ ਸਿਰ ਚੜੇ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇ ਅਤੇ ਪੰਜਾਬ ਵਿੱਚ ਨਸ਼ਾ ਮਾਫੀਆ ਨੂੰ ਖਤਮ ਕੀਤਾ ਜਾਵੇ । ਇਸ ਮੌਕੇ ਸੈਂਕੜੇ ਵਰਕਰਾਂ ਨੇ ਆਪਣੇ ਪ੍ਰਧਾਨ ਦੀ ਚੋਣ ਸਰਵ ਸੰਮਤੀ ਨਾਲ ਕੀਤੀ ਅਤੇ ਨਰੇਗਾ ਵਰਕਰਾਂ ਦੇ ਪ੍ਰਧਾਨਗੀ ਅਹੁਦੇ ਦੇ ਲਈ ਜਸਵੀਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਮੇਟ ਲ਼ਈ ਸਰਬਜੀਤ ਕੌਰ ਨੂੰ ਚੁਣਿਆ ਗਿਆ ।