ਡੇਂਗੂ ਨੂੰ ਰੋਕਣ ਵਿੱਚ ਮੋਗਾ ਨਿਵਾਸੀ ਕਰ ਰਹੇ ਹਨ ਭਰਪੂਰ ਕੋਸ਼ਿਸ਼ ਲੂੰਬਾ

ਮੋਗਾ,1 ਨੰਵਬਰ (ਜਸ਼ਨ) : ਬਾਰਿਸ਼ਾਂ ਤੋਂ ਬਾਅਦ ਪੰਜਾਬ ਵਿੱਚ ਡੇਂਗੂ ਦੇ ਕੇਸਾਂ ਵਿੱਚ ਇੱਕਦਮ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਤੱਕ ਪੰਜਾਬ ਵਿੱਚ 5000 ਦੇ ਕਰੀਬ ਮਰੀਜ ਰਜਿਸਟਰ ਹੋ ਚੁੱਕੇ ਹਨ ਜਦਕਿ ਮੋਗਾ ਜਿਲੇ ਵਿੱਚ ਡੇਂਗੂ ਮਰੀਜਾਂ ਦਾ ਅੰਕੜਾ 100 ‘ਤੇ ਪਹੁੰਚ ਚੁੱਕਾ ਹੈ।  ਮੋਗਾ ਨਿਵਾਸੀਆਂ ਨੇ ਇਸ ਵਾਰ ਆਪਣੀ ਸਮਝਦਾਰੀ ਨਾਲ ਹੁਣ ਤੱਕ ਡੇਂਗੂ ਤੇ ਕਾਬੂ ਪਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਮੀਦ ਹੈ ਕਿ ਨਵੰਬਰ ਦੇ ਅੰਤ ਤੱਕ ਲੋਕ ਇਸੇ ਤਰਾਂ ਜਾਗਰੂਕਤਾ ਦਾ ਸਬੂਤ ਦੇ ਕੇ ਸਿਹਤ ਵਿਭਾਗ ਮੋਗਾ ਦੀ ਮੱਦਦ ਕਰਦੇ ਰਹਿਣਗੇ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਦਫਤਰ ਸਿਵਲ ਸਰਜਨ ਮੋਗਾ ਦੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਨੇ ਅੱਜ ਨੰਨੀ ਕਲੀ ਪ੍ੋਜੈਕਟ ਅਧੀਨ ਸ. ਸੀ. ਸੈ. ਸਕੂਲ ਤਲਵੰਡੀ ਭੰਗੇਰੀਆਂ ਵਿਖੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਆਪਣੇ ਸੰਬੋਧਨ ਦੌਰਾਨ ਕੀਤਾ । ਉਹਨਾਂ ਦੱਸਿਆ ਕਿ ਆਮ ਤੌਰ ਤੇ ਡੇਂਗੂ ਦਾ ਲਾਰਵਾ ਲੱਭਣ ਲਈ ਘਰਾਂ ਦੇ ਅੰਦਰ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਪਾਣੀ ਵਾਲੇ ਡਰੰਮਾਂ, ਟੈਂਕੀਆਂ ਅਤੇ ਛੱਤਾਂ ਤੇ ਪਏ ਕਬਾੜ ਆਦਿ  ਅਤੇ ਘਰਾਂ ਤੋਂ ਬਾਹਰ ਪਾਣੀ ਵਾਲੀਆਂ ਖੇਲਾਂ, ਦਰੱਖਤਾਂ ਦੀ ਛਾਂ ਹੇਠ ਖੜੇ ਸਾਫ ਪਾਣੀ ਆਦਿ ਦੀ ਜਾਂਚ ਕੀਤੀ ਜਾਂਦੀ ਹੈ ਪਰ ਸਿਹਤ ਵਿਭਾਗ ਮੋਗਾ ਦੀਆਂ ਟੀਮਾਂ ਨੇ ਪਿਛਲੇ ਦਿਨਾਂ ਦੌਰਾਨ ਇਹ ਦੇਖਿਆ ਹੈ ਕਿ ਰਿਹਾਇਸ਼ੀ ਅਬਾਦੀ ਵਿੱਚ ਖਾਲੀ ਪਏ ਪਲਾਟਾਂ ਵਿੱਚ ਸਾਡੇ ਵੱਲੋਂ ਆਮ ਤੌਰ ਤੇ ਸੁੱਟੇ ਜਾਂਦੇ ਡਿਸਪੋਜੇਬਲ ਗਲਾਸ ਅਤੇ ਕੌਲੀਆਂ ਆਦਿ ਵਿੱਚ ਬਾਰਿਸ਼ ਦਾ ਪਾਣੀ ਖੜਾ ਹੋ ਜਾਣ ਨਾਲ ਡੇਂਗੂ ਦਾ ਲਾਰਵਾ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ, ਜੋ ਸਾਡੇ ਲਈ ਬੜਾ ਖਤਰਨਾਕ ਸਿੱਧ ਹੋ ਸਕਦਾ ਹੈ, ਇਸ ਲਈ ਪਹਿਲਾਂ ਦੱਸੇ ਗਏ ਸਰੋਤਾਂ ਦੇ ਨਾਲ ਨਾਲ ਸਾਨੂੰ ਆਪਣੇ ਘਰਾਂ ਦੇ ਨਾਲ ਲੱਗਦੇ ਖਾਲੀ ਪਲਾਟਾਂ ਵਿੱਚ ਪਏ ਡਿਸਪੋਜੇਬਲ ਗਲਾਸਾਂ ਆਦਿ ਨੂੰ ਖਾਲੀ ਕਰਕੇ ਇਕੱਠੇ ਕਰਕੇ ਦਬਾ ਦੇਣਾ ਚਾਹੀਦਾ ਹੈ । ਉਹਨਾਂ ਵਿਦਿਆਰਥੀਆਂ ਨੂੰ ਅੱਜ ਹੀ ਆਪਣੇ ਘਰ ਅਤੇ ਆਲੇ ਦੁਆਲੇ ਦੀ ਜਾਂਚ ਕਰਨ ਲਈ ਪੇ੍ਰਰਤ ਕਰਦਿਆਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਜਾਂ ਡੇਂਗੂ ਹੋ ਸਕਦਾ ਹੈ, ਇਸ ਲਈ ਬੁਖਾਰ ਹੋਣ ਤੇ ਤੁਰੰਤ ਸਾਨੂੰ ਸਿਵਲ ਹਸਪਤਾਲ ਮੋਗਾ ਦੇ ਕਮਰਾ ਨੰ: 7 ਏ ਵਿੱਚ ਪਹੁੰਚ ਕੇ ਆਪਣੀ ਮੁਫਤ ਜਾਂਚ ਕਰਵਾ ਲੈਣੀ ਚਾਹੀਦੀ ਹੈ ਤੇ ਬੁਖਾਰ ਦੀ ਸੂਰਤ ਵਿੱਚ ਸਿਰਫ ਪੈਰਾਸੀਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਡੇਂਗੂ ਵਿੱਚ ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾ ਵਿੱਚ ਦਰਦ, ਉਲਟੀ ਆਉਣਾ, ਥਕਾਵਟ, ਚਮੜੀ ਤੇ ਦਾਣੇ ਅਤੇ ਜਿਆਦਾ ਹਾਲਾਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਵੇਖਣ ਨੂੰ ਮਿਲਦੇ ਹਨ । ਉਹਨਾ ਬੱਚਿਆਂ ਨੂੰ ਦਿਨ ਵੇਲੇ ਸਰੀਰ ਨੂੰ ਢਕ ਕੇ ਰੱਖਣ, ਰਾਤ ਨੂੰ ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ, ਤੇਲ ਆਦਿ ਦੀ ਵਰਤੋਂ ਦੀ ਸਲਾਹ ਵੀ ਦਿੱਤੀ । ਬੱਚਿਆਂ ਨੂੰ ਡੇਂਗੂ ਦੀ ਜਾਣਕਾਰੀ ਸਬੰਧੀ ਪੈਂਫਲਿਟ ਵੀ ਵੰਡੇ ਗਏ।  ਇਸ ਮੌਕੇ ਅਧਿਆਪਕਾ ਅਮਨਦੀਪ ਨੇ ਬੱਚਿਆਂ ਨੂੰ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਨਣ ਲਈ ਧੰਨਵਾਦ ਕਰਦਿਆਂ ਇਸ ਜਾਣਕਾਰੀ ਨੂੰ ਆਪਣੇ ਗਲੀ ਮੁਹੱਲੇ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦਾ ਧੰਨਵਾਦ ਵੀ ਕੀਤਾ ।