ਨਹਿਰੂ ਯੁਵਾ ਕੇਂਦਰ ਅਤੇ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਿਆਂ ਦਾ ਆਯੋਜਨ
ਫ਼ਿਰੋਜ਼ਪੁਰ, ਫਾਜਿਲਕਾ 31 ਅਕਤੂਬਰ ( ਸੰਦੀਪ ਕੰਬੋਜ ਜਈਆ ) : ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵੱਲੋਂ ਸਾਂਝੇ ਤੌਰ ਤੇ ਸ੍ਰ: ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੇਸ਼ ਭਗਤੀ ਅਤੇ ਰਾਸ਼ਟਰੀ ਨਿਰਮਾਣ ਵਿਸ਼ੇ ਤੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਰਣਜੀਤ ਸਿੰਘ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ। ਪ੍ਰੋਗਰਾਮ ਵਿਚ ਗੌਰਵ ਭਾਸਕਰ ਮੈਨੇਜਰ ਵਿਵੇਕਾਨੰਦ ਵਰਲਡ ਸਕੂਲ, ਅਰੁਣ ਚੌਧਰੀ ਏ.ਪੀ.ਆਰ.ਓ ਅਤੇ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਭਾਸ਼ਣ ਮੁਕਾਬਲਿਆਂ ਲਈ ਬਤੌਰ ਜੱਜ ਦੀ ਭੂਮਿਕਾ ਡਾ: ਰੁਧਰਾ ਨਿਰਦੇਸ਼ਕ ਵਿਵੇਕਾਨੰਦ ਵਰਲਡ ਸਕੂਲ, ਡਾ: ਰਾਮੇਸ਼ਵਰ ਸਿੰਘ ਅਤੇ ਪ੍ਰੋਫੈਸਰ ਗੁਰਜੀਵਨ ਜੀਤ ਸਿੰਘ ਐਸ.ਬੀ.ਐਸ ਕਾਲਜ ਵੱਲੋਂ ਨਿਭਾਈ ਗਈ।ਇਸ ਵਿਸ਼ਾਲ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਅਤੇ ਸ੍ਰ: ਵੱਲਭ ਭਾਈ ਪਟੇਲ ਜੀ ਦੀ ਫ਼ੋਟੋ ਤੇ ਫ਼ੁਲ ਮਾਲਾ ਅਰਪਣ ਕਰਕੇ ਕੀਤੀ ਗਈ। ਇਸ ਉਪਰੰਤ ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਭਾਸ਼ਣ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਕਿਹਾ ਕਿ ਸਾਨੂੰ ਛੋਟੀ ਉਮਰ ਤੋਂ ਹੀ ਦੇਸ਼ ਭਗਤੀ ਅਤੇ ਰਾਸ਼ਟਰੀ ਨਿਰਮਾਣ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਉਹ ਕੰਮ ਜਿਹੜਾ ਅਸੀਂ ਸਮਾਜ ਦੇ ਭਲੇ ਲਈ ਕਰਦੇ ਹਾਂ ਜਾਂ ਦੇਸ਼ ਦੇ ਵਿਕਾਸ ਲਈ ਕਰਦੇ ਹਾਂ ਉਹੀ ਅਸਲੀ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਚ ਸਾਡਾ ਯੋਗਦਾਨ ਹੈ। ਉਨ੍ਹਾਂ ਨੇ ਇਸੇ ਕੜੀ ਨਾਲ ਜੋੜਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਰਾਲੀ ਨਾ ਸਾੜ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਕੇ ਵਾਤਾਵਰਨ ਨੂੰ ਸ਼ੁੱਧ ਬਣਾਏ ਵੀ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਚ ਹਿੱਸਾ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਇਸ ਪਾਵਨ ਦਿਨ ਤੇ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਅਤੇ ਵਿਵੇਕਾਨੰਦ ਵਰਡਲਜ ਸਕੂਲ ਦਾ ਇੱਕ ਵਧੀਆ ਉਪਰਾਲਾ ਹੈ। ਇਸ ਮੌਕੇ ਰਣਜੀਤ ਸਿੰਘ ਸਹਾਇਕ ਕਮਿਸ਼ਨਰ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹੋ ਜਿਹੇ ਭਾਸ਼ਾ ਮੁਕਾਬਲੇ ਕਰਵਾ ਕੇ ਅਤੇ ਦੇਸ਼ ਭਗਤਾਂ ਦੇ ਸਬੰਧ ਵਿਚ ਦਿਨ ਮਨਾ ਕੇ ਜਿੱਥੇ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣੇ ਹਾਂ ਉੱਥੇ ਹੀ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਇਹੋ ਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਹੀ ਆਪਣੇ ਆਪ ਵਿਚ ਦੇਸ਼ ਭਗਤੀ ਹੈ।ਇਸ ਪ੍ਰੋਗਰਾਮ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰ: ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨਾ ਹੈ ਅਤੇ ਰਾਸ਼ਟਰ ਪੱਧਰ ਤੱਕ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ। ਇਸ ਮੌਕੇ ਡਾ: ਰਾਮੇਸ਼ਵਰ ਅਤੇ ਡਾ: ਰੁਧਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਰਾਸ਼ਟਰੀ ਏਕਤਾ ਦਿਵਸ ਵਜੋਂ ਦੇਸ਼ ਵਿਚ ਏਕਤਾ, ਅਖੰਡਤਾ ਅਤੇ ਦੇਸ਼ ਦੀ ਸੁਰੱਖਿਆ ਬਣਾਈ ਰੱਖਣ ਲਈ ਸਹੂੰ ਵੀ ਚੁਕਾਈ ਗਈ।ਇਨ੍ਹਾਂ ਮੁਕਾਬਲਿਆਂ ਵਿਚੋਂ ਵਿਦਿਆਰਥੀ ਹਰੀਸ਼ ਕੁਮਾਰ ਨੇ ਪਹਿਲਾਂ ਇਨਾਮ, ਸ਼ਾਹਿਦ ਖ਼ਾਨ ਨੇ ਦੂਸਰਾ ਸਥਾਨ ਅਤੇ ਜਸਬੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ।ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਇਨਾਮ ਵਜੋਂ ਕ੍ਰਮਵਾਰ 5000, 2000 ਅਤੇ 1000 ਰੁਪਏ ਇਨਾਮ, ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ਼੍ਰੀ ਗੌਰਵ ਭਾਸਕਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸ੍ਰ: ਵੱਲਭ ਭਾਈ ਪਟੇਲ ਦੇ ਜੀਵਨ ਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਰਸ਼ਦੀਪ ਵਲੰਟੀਅਰ, ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।