ਰਾਸ਼ਟਰੀ ਏਕਤਾ ਦਿਵਸ ਤੇ ''ਏਕਤਾ ਲਈ ਦੌੜ'' ਪ੍ਰੋਗ੍ਰਾਮ ਦਾ ਹੋੋੋਇਆ ਆਯੋਜਨ,ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਏਕਤਾ,ਅਖੰਡਤਾ ਅਤੇ ਸੁਰੱਖਿਆ ਬਰਕਰਾਰ ਰੱਖਣ ਦੀ ਚੁਕਾਈ ਸਹੁੰ

ਫ਼ਿਰੋਜ਼ਪੁਰ, ਫਾਜਿਲਕਾ 31 ਅਕਤੂਬਰ ( ਸੰਦੀਪ ਕੰਬੋਜ ਜਈਆ) : ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਂਦੇ ਹੋਏ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਦੇਸ਼ ਵਿੱਚ ਏਕਤਾ, ਅਖੰਡਤਾ ਅਤੇ ਦੇਸ਼ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਾ ਸਮਰਪਿਤ ਕਰਨ ਸੰਬੰਧੀ ਸਹੁੰ ਚੁਕਾਈ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਦਿਖਾਈ ਗਈ ਦੂਰ-ਦ੍ਰਿਸ਼ਟੀ ਅਤੇ ਕਾਰਜ ਨੂੰ ਯਾਦ ਕਰਦਿਆਂ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਮਨਾਂ ਅੰਦਰ ਦੇਸ਼ ਦੀ ਏਕਤਾ ਦੀ ਭਾਵਨਾ ਪੈਦਾ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਦਫ਼ਤਰਾਂ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਵੀ ਆਪਣੇ-ਆਪਣੇ ਦਫ਼ਤਰਾਂ ਵਿਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ ਗਈ। ਇਸ ਮੌਕੇ ਐਸ.ਐਸ.ਪੀ ਦਫ਼ਤਰ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਪ੍ਰੀਤਮ ਸਿੰਘ ਅਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵੱਲੋਂ ਵੀ ਆਪਣੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵੀ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਖ਼ੁਦ ਨੂੰ ਸਮਰਪਿਤ ਕਰਨ ਦੀ ਸਹੁੰ ਚੁਕਾਈ ਗਈ। ਇਸ ਤੋਂ ਪਹਿਲਾ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਸਵੇਰੇ ਰਾਸ਼ਟਰੀ ਏਕਤਾ ਦਿਵਸ ਤੇ ''ਏਕਤਾ ਲਈ ਦੌੜ'' (ਰਨ ਫਾਰ ਯੂਨਿਟੀ)  ਦਾ ਵੀ ਆਯੋਜਨ ਕੀਤਾ ਗਿਆ। ਜਿਸ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਤੋਂ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਵੱਲੋਂ  ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੌੜ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ, ਸਪੋਰਟਸ ਅਕੈਡਮੀਆਂ ਦੇ ਖਿਡਾਰੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਮੁਲਾਜ਼ਮ ਅਤੇ ਪੰਜਾਬ ਪੁਲਿਸ ਐੱਨ.ਸੀ.ਸੀ ਆਦਿ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਗਿਆ। ਇਹ ਏਕਤਾ ਦੌੜ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਮੋਹਨ ਲਾਲ ਭਾਸਕਰ ਚੌਂਕ ਤੋਂ ਵਾਪਸ ਹੁੰਦੇ ਹੋਏ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਰਸਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਵਾਪਸ ਪਹੁੰਚੀ। ਇਹ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌੜ ਦਾ ਮਕਸਦ ਲੋਕਾਂ ਵਿੱਚ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨਾ  ਅਤੇ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਦੱਸੇ ਮਾਰਗ ਤੇ ਚੱਲਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਐੱਸ.ਡੀ.ਐੱਮ. ਅਮਿਤ ਗੁਪਤਾ, ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ, ਸ੍ਰੀ. ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਕਾਰਜਕਾਰੀ ਅਫ਼ਸਰ ਬੀਰ ਪ੍ਰਤਾਪ ਸਿੰਘ ਗਿੱਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।