ਪੱਤਰਕਾਰ ਨੇ ਖੂਨਦਾਨ ਕਰਕੇ ਮਾਸੂਮ ਬੱਚੇ ਦੀ ਬਚਾਈ ਜਾਨ,ਚੰਡੀਗੜ ਬੱਚਿਆਂ ਦੇ ਹਸਪਤਾਲ ’ਚ ਸੀ ਦਾਖਲ
ਕੋਟਕਪੂਰਾ, 28 ਅਕਤੂਬਰ (ਅਰਸ਼ਦੀਪ ਸਿੰਘ) :-ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਪੀ ਬੀ ਜੀ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਸਕੱਤਰ ਗੌਰਵ ਗਲਹੋਤਰਾ ਦੇ ਕਹਿਣ ’ਤੇ ਪੱਤਰਕਾਰ ਟਿੰਕੂ ਕੁਮਾਰ ਪਰਜਾਪਤੀ ਨੇ ਸਥਾਨਕ ਜੈਤੋ ਸੜਕ ’ਤੇ ਸਥਿੱਤ ਚੰਡੀਗੜ ਬੱਚਿਆਂ ਦੇ ਹਸਪਤਾਲ ’ਚ ਦਾਖਲ ਮਾਸੂਮ ਬੱਚੇ ਨੂੰ ਖੂਨਦਾਨ ਕਰਕੇ ਉਸ ਦੀ ਜਾਨ ਬਚਾਈ। ਪੀਬੀਜੀ ਵੇੈਲਫੇਅਰ ਕਲੱਬ ਦੇ ਦਿਹਾਤੀ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਫਾਜਿਲਕਾ ਜਿਲੇ ਦੇ ਪਿੰਡ ਗੱਟਿਆਂ ਵਾਲੀ ਦੇ ਵਸਨੀਕ ਜਗਜੀਤ ਸਿੰਘ ਦਾ ਮਹਿਜ 7 ਮਹੀਨਿਆਂ ਦੀ ਉਮਰ ਦਾ ਮਾਸੂਮ ਬੇਟਾ ਅਸ਼ੀਸ਼ ਹਸਪਤਾਲ ’ਚ ਦਾਖਲ ਸੀ ਤੇ ਉਸ ਨੂੰ ਓ ਨੈਗੇਟਿਵ ਗਰੁੱਪ ਦੇ ਖੂਨ ਦੀ ਜਰੂਰਤ ਸੀ। ਕਲੱਬ ਦੇ ਅਹੁਦੇਦਾਰਾਂ ਜਸਵੀਰ ਸਿੰਘ ਜਸ਼ਨ ਅਤੇ ਰਜਿੰਦਰ ਕੁਮਾਰ ਨੇ ਜਗਜੀਤ ਸਿੰਘ ਨੂੰ ਵਿਸ਼ਵਾਸ਼ ਦਿਵਾਇਆ ਕਿ ਕਲੱਬ ਵੱਲੋਂ ਦੇਸ਼ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਲੋੜਵੰਦਾਂ ਨੂੰ ਖੂਨ ਮੁਹੱਈਆ ਕਰਾਉਣ ਦਾ ਵਿਸ਼ੇਸ਼ ਪ੍ਰਬੰਧ ਹੈ ਤੇ ਕਲੱਬ ਦੇ ਰਜਿਸਟਰ ’ਚ ਵੱਖ-ਵੱਖ ਗਰੁੱਪਾਂ ਵਾਲੇ ਖੂਨਦਾਨੀਆਂ ਦੀਆਂ ਬਕਾਇਦਾ ਸੂਚੀਆਂ ਦਰਜ ਹੈ। ਉਨਾ ਟਿੰਕੂ ਕੁਮਾਰ ਨੂੰ ਫੋਨ ਕੀਤਾ ਤੇ ਟਿੰਕੂ ਨੇ ਬਲੱਡ ਬੈਂਕ ਵਿਖੇ ਪੁੱਜ ਕੇ ਖੂਨਦਾਨ ਕਰਦਿਆਂ ਮਾਸੂਮ ਬੱਚੇ ਦੀ ਜਾਨ ਬਚਾਈ। ਬੱਚੇ ਦੇ ਪਿਤਾ ਜਗਜੀਤ ਸਿੰਘ ਨੇ ਟਿੰਕੂ ਕੁਮਾਰ ਸਮੇਤ ਪੀਬੀਜੀ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।