ਅਨੇਕਾਂ ਪ੍ਰਾਈਵੇਟ ਸਕੂਲਾਂ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ,ਜਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੱਟੇ ਗਏ 7 ਸਕੂਲੀ ਵਾਹਨਾਂ ਦੇ ਚਲਾਨ

ਫ਼ਿਰੋਜ਼ਪੁਰ/ਗੂਰੁਹਰਸਹਾਏ 28 ਅਕਤੂਬਰ (ਸੰਦੀਪ ਕੰਬੋਜ ਜਈਆ,ਪਰਮਜੀਤ ਰਾਏ ) : ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਰਤਨਦੀਪ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਟਾਸਕ ਫੋਰਸ ਟੀਮ ਦੇ ਸਹਿਯੋਗ ਨਾਲ ਪਾਇਲਟ ਚੌਕ ਫ਼ਿਰੋਜ਼ਪੁਰ ਛਾਉਣੀ ਵਿਖੇ ਪਿਛਲੇ ਦਿਨੀਂ ਡੀ.ਸੀ.ਮਾਡਲ ਸਕੂਲ, ਸੁਰਜੀਤ ਮੈਮੋਰੀਅਲ ਸਕੂਲ ਮੱਲਵਾਲ, ਸ਼ਾਂਤੀ ਵਿੱਦਿਆ ਮੰਦਿਰ ਸਕੂਲ ਸਤੀਏਵਾਲਾ ਆਦਿ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ।ਇਸ ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਵਾਹਨਾਂ ਵਿੱਚ ਸੀ.ਸੀ.ਟੀ.ਵੀ.ਕੈਮਰੇ, ਸਪੀਡ ਗਵਰਨਰ, ਲੇਡੀ ਅਟੈਂਡਟ ਅਤੇ ਡਰਾਈਵਰਾਂ ਕੋਲ ਗੱਡੀ ਦੇ ਕਾਗ਼ਜ਼ਾਤ ਅਤੇ ਡਰਾਈਵਰੀ ਲਾਇਸੈਂਸ ਨਹੀਂ ਸਨ, ਉਨ੍ਹਾਂ 7 ਸਕੂਲੀ ਵਾਹਨਾਂ ਦੇ ਟੀਮ ਵੱਲੋਂ ਚਲਾਨ ਕੀਤੇ ਗਏ। ਇਸ ਮੌਕੇ ਏ.ਐਸ.ਆਈ ਰਾਜਕੁਮਾਰ ਕੁਮਾਰ, ਸਤਨਾਮ ਸਿੰਘ, ਦਾਨੇਸ਼ ਕੁਮਾਰ,ਅਸ਼ੀਸ਼ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਆਦਿ ਟੀਮ ਮੈਂਬਰਾਂ ਵੱਲੋਂ ਸਕੂਲ ਦੇ ਪਿ੍ਰੰਸੀਪਲ ਅਤੇ ਡਰਾਈਵਰਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰਾਂ ਕੋਲ ਵਾਹਨ ਦੇ ਕਾਗ਼ਜ਼ ਪੱਤਰ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਦੀ ਤਾਂ ਹੀ ਆਸ ਕੀਤੀ ਜਾ ਸਕਦੀ ਹੈ ਜੇਕਰ ਅਸੀਂ ਬੱਚਿਆ ਦੀ ਚੰਗੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਈਏ।