ਲਾਇਸੰਸ ਧਾਰਕ ਹੀ ਵੇਚ ਸਕਣਗੇ ਪਟਾਕੇ,29 ਅਕਤੂਬਰ ਨੂੰ ਲੱਕੀ ਡਰਾਅ ਰਾਹੀਂ ਜਾਰੀ ਕੀਤੇ ਜਾਣਗੇ ਆਰਜ਼ੀ ਲਾਇਸੈਂਸ :ਡੀ.ਸੀ
ਫ਼ਿਰੋਜ਼ਪੁਰ 28 ਅਕਤੂਬਰ (ਸੰਦੀਪ ਕੰਬੋਜ ਜਈਆ ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਵਿੱਚ ਪਟਾਕਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲਈ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿੰਨ੍ਹਾਂ ਵੱਲੋਂ ਲਾਇਸੰਸ ਲੈਣ ਸਬੰਧੀ ਦਰਖਾਸਤਾਂ ਦਿੱਤਿਆਂ ਗਈਆਂ ਹਨ ਉਨ੍ਹਾਂ ਨੂੰ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ 29 ਅਕਤੂਬਰ ਨੂੰ ਸਵੇਰੇ 11 ਵਜੇਂ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਲੱਕੀ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦਾ ਡਰਾਅ ਨਿਕਲੇਗਾ, ਉਸ ਵਿਅਕਤੀ ਨੂੰ ਹੀ ਪਟਾਕਿਆਂ ਦੀ ਵਿੱਕਰੀ ਕਰਨ ਦਾ ਆਰਜ਼ੀ ਲਾਇਸੈਂਸ ਜਾਰੀ ਕੀਤਾ ਜਾਵੇਗਾ ਅਤੇ ਉਹ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀ ਜਗ੍ਹਾ ‘ਤੇ ਹੀ ਪਟਾਕਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਟਾਕਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲਈ ਫ਼ਿਰੋਜ਼ਪੁਰ ਸ਼ਹਿਰ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਛਾਉਣੀ ਵਿਖੇ ਰਾਮ ਬਾਗ਼ ਪਾਰਕ (ਦੁਸਹਿਰਾ ਗਰਾਊਂਡ), ਤਲਵੰਡੀ ਭਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੀ ਖੁੱਲ੍ਹੀ ਗਰਾਊਂਡ, ਮਮਦੋਟ ਵਿਖੇ ਬੀ.ਐੱਸ.ਐੱਫ ਗਰਾਊਂਡ ਦੇ ਨੇੜੇ ਸਥਿਤ ਗਰਾਊਂਡ, ਜ਼ੀਰਾ ਵਿਖੇ ਸ਼ਹੀਦ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਸਕੂਲ ਤੇ ਸ੍ਰੀ. ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਖੁੱਲ੍ਹੀਆਂ ਗਰਾਊਂਡਾਂ, ਮਖੂ ਵਿਖੇ ਪੁਰਾਣੇ ਬੱਸ ਸਟੈਂਡ (ਨੇੜੇ ਪੁਲਿਸ ਸਟੇਸ਼ਨ), ਮੱਲਾਵਾਲਾ ਵਿਖੇ ਸ਼ਹੀਦ ਸੁਖਵਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਖੁੱਲ੍ਹੀ ਗਰਾਊਂਡ ਅਤੇ ਗੁਰੂਹਰਸਹਾਏ ਵਿਖੇ ਮਾਲ ਗਡਾਊਨ ਰੋਡ ਨੇੜੇ ਦੁਸਹਿਰਾ ਗਰਾਊਂਡ ਵਿਖੇ ਥਾਵਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਨਿਰਧਾਰਿਤ ਕੀਤੇ ਸਥਾਨਾਂ ਤੇ ਹੀ ਲਾਇਸੰਸ ਲੈਣ ਤੋਂ ਬਾਅਦ ਪਟਾਕਿਆਂ ਦੀ ਖ਼ਰੀਦੋ-ਫ਼ਰੋਖ਼ਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਹੋਰ ਸਥਾਨ ਤੇ ਪਟਾਖੇ ਵੇਚਣ ‘ਤੇ ਪੂਰਨ ਪਾਬੰਦੀ ਹੋਵੇਗੀ। ਇਸ ਮੌਕੇ ਐਸ.ਡੀ.ਐਮ. ਫਿਰੋਜ਼ਪੁਰ ਅਮਿਤ ਗੁਪਤਾ, ਐਸ.ਡੀ.ਐਮ. ਜ਼ੀਰਾ ਸ. ਨਰਿੰਦਰ ਸਿੰਘ, ਐਸ.ਪੀ. ਸ. ਬਲਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।