ਤੇ ਅਖੀਰ, ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਪ੍ਰਧਾਨਗੀ ਤੋਂ ਕੀਤੀ ਅਸਤੀਫੇ ਦੀ ਪੇਸ਼ਕਸ਼
ਚੰਡੀਗੜ੍ਹ, 28 ਅਕਤੂਬਰ (STAFF REPORTER)— ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਵਲੋਂ ਇਕ-ਇਕ ਕਰਕੇ ਸਿਹਤ ਦੀ ਖਰਾਬੀ ਦਸਦਿਆਂ ਦਿਤੇ ਜਾ ਰਹੇ ਅਸਤੀਫਿਆਂ ਪਿਛੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਖੀਰ ਇਸ ਮੁੱਦੇ ‘ਤੇ ਆਪਣੀ ਚੁੱਪ ਤੋੜਦੇ ਹੋਏ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿਤੀ ਹੈ। ਸੁਖਬੀਰ ਬਾਦਲ ਨੇ ਟਕਸਾਲੀ ਆਗੂਆਂ ਨੂੰ ਸਤਿਕਾਰ ਦਿੰਦਿਆਂ ਕਿਹਾ ਕਿ ਉਹ ਸਾਰੇ ਪਾਰਟੀ ਦਾ ਅੰਗ ਹਨ ਤੇ ਉਨ੍ਹਾਂ ਦੇ ਸਤਿਕਾਰ ਯੋਗ ਬਜ਼ੁਰਗ ਹਨ ਅਤੇ ਜੇਕਰ ਉਨ੍ਹਾ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਵੀ ਦੇਣਾ ਪਵੇ ਤਾਂ ਉਹ ਇਸ ਲਈ ਵੀ ਤਿਆਰ ਹਨ।ਜਾਣਕਾਰੀ ਅਨੁਸਾਰ ਮਾਝੇ ਵਿਚ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਵਲੋਂ ਸੱਦੀ ਹੰਗਾਮੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਸੀਨੀਅਰ ਅਕਾਲੀ ਆਗੂ ਤਾਂ ਸ਼ਾਮਲ ਹੋਏ ਪਰ ਮਾਝੇ ਦੇ ਕੁਝ ਨਾਰਾਜ਼ ਅਕਾਲੀ ਆਗੂਆਂ ਨੇ ਮੀਟਿੰਗ ਤੋਂ ਦੂਰੀ ਬਣਾਈ ਰੱਖੀ।ਟਕਸਾਲੀ ਅਕਾਲੀ ਡਾ. ਰਤਨ ਸਿੰਘ ਅਜਨਾਲਾ ਨੇ ਬਾਦਲ ਪਰਿਵਾਰ ਦੇ ਖਿਲਾਫ ਬਗਾਵਤੀ ਸੁਰ ਅਲਾਪਦੇ ਹੋਏ ‘ਅਕਾਲੀ ਦਲ ਬਚਾਉ ਲਹਿਰ’ ਚਲਾਉਣ ਦੇ ਐਲਾਨ ਤੋਂ ਇਲਾਵਾ ਬ੍ਰਹਮਪੁਰਾ ਧੜੇ ਨੇ 4 ਨਵੰਬਰ ਨੂੰ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਹੋਇਆ ਹੈ।ਦੂਜੇ ਪਾਸੇ ਸੁਖਬੀਰ ਬਾਦਲ ਵਲੋਂ ਆਪਣੀ ਡੈਮੇਜ ਕੰਟਰੋਲ ਨੀਤੀ ਤਹਿਤ ਉਕਤ ਮੀਟਿੰਗ ਪਿਛੋਂ ਬ੍ਰਹਮਪੁਰਾ ਸਮਰਥਕ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੇ ਜਾਣ ਦੀ ਵੀ ਖਬਰ ਹੈ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜਥੇਦਾਰ ਬ੍ਰਹਮਪੁਰਾ ਦੀ ਪਾਰਟੀ ਨਾਲ ਨਾਰਾਜ਼ਗੀ ਨੂੰ ਖਤਮ ਕਰਾਉਣ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਕਿਹਾ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਮੈਂਬਰਾਂ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ, ਅਲਵਿੰਦਰਪਾਲ ਸਿੰਘ ਪੱਖੋਕੇ, ਅਮਰੀਕ ਸਿੰਘ ਵਿਛੋਆ ਆਦਿ ਸ਼ਾਮਲ ਸਨ।ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ 29 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸੱਦੀ ਗਈ ਹੈ, ਜਿਸ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਇਤਿਹਾਸ ਵਿਸ਼ੇ ਵਿਚ ਸਿੱਖ ਧਰਮ ਬਾਰੇ ਕੀਤੀਆਂ ਗਲਤੀਆਂ ਖਿਲਾਫ਼ ਸੰਘਰਸ਼ ਦੀ ਰੂਪ ਰੇਖਾ ਐਲਾਨੀ ਜਾਵੇਗੀ।ਇਸ ਤੋਂ ਇਲਾਵਾ ਪਾਰਟੀ ਵਲੋਂ 30 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਬਣਾਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਹੁਦਾ ਸੰਭਾਲਣ ਲਈ ਸਮਾਗਮ, 1 ਨਵੰਬਰ ਨੂੰ ਪੰਜ ਤਖ਼ਤ ਸਾਹਿਬਾਨ ‘ਤੇ ਅਰਦਾਸ ਦਿਵਸ ਮਨਾਉਣ ਅਤੇ 3 ਨਵੰਬਰ ਨੂੰ ਦਿੱਲੀ ਸਥਿਤ ਜੰਤਰ ਮੰਤਰ ਵਿਖੇ ਧਰਨਾ ਦੇਣ ਦਾ ਵੀ ਪ੍ਰੋਗਰਾਮ ਹੈ।----------------------------------------------------- ਖ਼ਬਰ ਪੜ੍ਹਨ ਅਤੇ ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ ----------------