ਮਗਸੀਪਾ ਵੱਲੋਂ ਸੂਚਨਾ ਅਧਿਕਾਰ ਐਕਟ 2005 ਬਾਰੇ 2 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਮੋਗਾ ਵਿਖੇ ਸ਼ੁਰੂ

ਮੋਗਾ 25 ਅਕਤੂਬਰ(ਜਸ਼ਨ)-    ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਦਰ ਬਠਿੰਡਾ ਵੱਲੋ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਚਨਾ ਅਧਿਕਾਰ ਐਕਟ 2005 ਬਾਰੇ ਜ਼ਿਲਾ ਮੋਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ 2 ਦਿਨਾਂ ਦਾ ਸਿਖਲਾਈ ਪ੍ਰੋਗਰਾਮ ਮੋਗਾ ਵਿਖੇ ਸ਼ੁਰੂ ਕੀਤਾ ਗਿਆ। ਇਸ ਮਹੱਤਵਪੂਰਨ ਲੋਕ ਪੱਖੀ ਪ੍ਰੋਗਰਾਮ ਦੀ ਰੂਪ ਰੇਖਾ ਪੰਜਾਬ ਦੇ ਵਿਸੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਸ੍ਰੀ ਕੇ.ਬੀ.ਐਸ. ਸਿੱਧੂ ਅਤੇ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਤਿਆਰ ਕੀਤੀ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਜ਼ਿਲਾ ਮੋਗਾ ਦੇ ਵੱਖ-ਵੱਖ ਵਿਭਾਗਾਂ ਦੇ 30 ਅਧਿਕਾਰੀ ਅਤੇ ਕਰਮਚਾਰੀ ਭਾਗ ਲੈ ਰਹੇ ਹਨ। ਇਸ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਲਾਲ ਵਿਸ਼ਵਾਸ਼ ਬੈਂਸ, ਸਹਾਇਕ ਕਮਿਸ਼ਨਰ (ਜਨਰਲ) ਮੋਗਾ ਵੱਲੋਂ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਉਨਾਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਦੇ ਲਾਗੂ ਹੋਣ ਨਾਲ ਜਿੱਥੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਵਧੀ ਹੈ, ਉਥੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਅਜਿਹੇ ਸਿਖਲਾਈ ਪ੍ਰੋਗਰਾਮ ਉਨਾਂ ਲਈ ਕਾਫੀ ਸਹਾਈ ਸਿੱਧ ਹੋਣਗੇ ਅਤੇ ਉਨਾਂ ਨੂੰ ਇਸ ਸਿਖਲਾਈ ਉਪਰੰਤ ਸੂਚਨਾ ਅਧਿਕਾਰ ਐਕਟ 2005 ਸਬੰਧੀ ਕੇਸਾਂ ਨਾਲ ਨਜਿੱਠਣ ਵਿੱਚ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਹੀ ਕਰਨਾ ਪਵੇਗਾ। ਉਨਾਂ ਕਿਹਾ ਇਸ ਐਕਟ ਸਬੰਧੀ ਜੋ ਕੁਝ ਉਨਾਂ ਨੂੰ ਪਤਾ ਨਹੀ, ਉਸ ਬਾਰੇ ਜਰੂਰ ਜਾਣੂੰ ਹੋਣ ਅਤੇ ਸੂਚਨਾ ਦੇਣ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਜਾਣ ਅਤੇ ਸੂਚਨਾ ਅਧਿਕਾਰ ਐਕਟ 2005 ਸਬੰਧੀ ਕਿਸੇ ਕਿਸਮ ਦੀ ਆਉਦੀ ਸਮੱਸਿਆਵਾਂ ਬਾਰੇ ਵਿਸ਼ਾ-ਮਾਹਿਰਾਂ ਤੋ ਬੇ-ਝਿਜਕ ਹੋ ਕੇ ਪੁੱਛਿਆ ਜਾਵੇ, ਤਾਂ ਜੋ ਬਾਅਦ ਵਿੱਚ ਆਪਣੇ ਸਾਥੀਆਂ ਦੀ ਸਹਾਇਤਾ ਕੀਤੀ ਜਾਵੇ। ਸ੍ਰੀ ਜਰਨੈਲ ਸਿੰਘ, ਕੋਰਸ ਡਾਇਰੈਕਟਰ(ਆਰ.ਟੀ.ਆਈ)-ਕਮ-ਖੇਤਰੀ ਪ੍ਰੋਜੈਕਟ ਡਾਇਰੈਕਟਰ,ਮਗਸੀਪਾ ਖੇਤਰੀ ਕੇਦਰ ਬਠਿੰਡਾ ਵੱਲੋ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਉਨਾਂ ਕਿਹਾ ਕਿ ਇਹ ਇੱਕ ਲੋਕ-ਪੱਖੀ ਐਕਟ ਹੈ, ਜਿਸ ਨਾਲ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਆਈ ਹੈ ਅਤੇ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਮਗਸੀਪਾ ਵੱਲੋ ਪਿਛਲੇ ਸਾਲ ਦੀ ਤਰਾਂ ਹੀ ਇਸ ਸਾਲ ਵੀ ਆਰ.ਟੀ.ਆਈ., ਸੇਵਾ ਉੱਤਮ, ਦਫ਼ਤਰੀ ਪ੍ਰੋਸੀਜਰ, ਵਿੱਤੀ ਮਾਮਲੇ, ਸਿਵਲ ਸਰਵਿਸ ਰੂਲਜ਼ ਅਤੇ ਹੋਰ ਕਈ ਮਹੱਤਵਪੂਰਨ ਵਿਸ਼ਿਆਂ ਤੇ 200 ਤੋ ਵੱਧ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਪਹਿਲੇ ਦਿਨ ਵਿਸ਼ਾ ਮਾਹਿਰ ਸ੍ਰੀ   ਸ਼ਿਵ ਕੁਮਾਰ ਡੋਗਰਾ ਸਹਾਇਕ ਪ੍ਰੋਫੈਸਰ (ਕਾਨੂੰਨ ਵਿਭਾਗ) ਪੰਜਾਬ ਯੂਨੀਵਰਸਟਿੀ ਰਿਜ਼ਨਲ ਸੈਟਰ ਲੁਧਿਆਣਾ, ਕਸ਼ਮੀਰੀ ਲਾਲ ਐਡਵੋਕੇਟ ਫਰੀਦਕੋਟ ਨੇ ਸੂਚਨਾ ਅਧਿਕਾਰ ਐਕਟ, 2005 ਦੇ ਪਿਛੋਕੜ ਅਤੇ ਇਸਦੀਆਂ ਵਿਸੇਸ਼ਤਾਵਾਂ, ਪੀ.ਆਈ.ਓ. ਅਤੇ ਏ.ਪੀ.ਆਈ.ਓ. ਦੀ ਨਿਯੁਕਤੀ,  ਅਤੇ ਹੋਰ ਵੱਖ ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਸ੍ਰੀ ਮਨਦੀਪ ਸਿੰਘ ਪ੍ਰੋਜੈਕਟ ਕੋਆਰਡੀਨੇਟਰ ਬਠਿੰਡਾ ਵੱਲੋ ਆਰ.ਟੀ.ਆਈ. ਪ੍ਰੋਗਰਾਮ ਦੇ ਮੰਤਵ ਬਾਰੇ ਦੱਸਿਆ ਗਿਆ।ਇਸ ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਡਾ. ਨਿੰਮੀ ਜਿੰਦਲ, ਵਿਭਾਗ ਮੁਖੀ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਬਠਿੰਡਾ ਵੱਲੋ ਆਰ.ਟੀ.ਆਈ., ਕਾਨੂੰਨ ਦੀ ਉਲੰਘਣਾ ਦੇ ਪ੍ਰਭਾਵ, ਅਦਾਲਤਾਂ ਦਾ ਅਧਿਕਾਰ ਖੇਤਰ, ਆਰ.ਟੀ.ਆਈ. ਐਕਟ ਤੋ ਛੋਟ ਵਾਲੀਆਂ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋ ਬਾਅਦ ਸ੍ਰੀ ਕਸ਼ਮੀਰੀ ਲਾਲ ਐਕਡਵੋਕੇਟ, ਆਰ.ਟੀ. ਨਿਯਮ, 2017 ਅਤੇ ਪ੍ਰਸ਼ਨਾਂ ਉੱਤਰਾਂ ਨਾਲ ਭਾਗੀਦਾਰਾਂ ਨਾਲ ਸੂਚਨਾ ਅਧਿਕਾਰ ਐਕਟ 2005 ਸਬੰਧੀ ਵਿਚਾਰ ਸਾਂਝੇ ਕਰਨਗੇ।