ਬਿਰਹਾ, ਵਿਯੋਗ, ਤਨਹਾਈ ਅਤੇ ਅਮੀਰ ਵਿਰਸੇ ਦੀ ਗੱਲ ਕਰਨ ਵਾਲੀ ਨਿਵੇਕਲੀ ਫਿਲਮ ‘ਆਟੇ ਦੀ ਚਿੜੀ’

ਕੋਟਕਪੂਰਾ, 19 ਅਕਤੂਬਰ (ਢਿੱਲੋਂ) :- ਆਪਣੀ ਮਿੱਟੀ ਦਾ ਮੋਹ, ਨਸ਼ਿਆਂ ਦੀ ਤ੍ਰਾਸਦੀ, ਵਿਦੇਸ਼ ਗਏ ਆਪਣਿਆਂ ਨੂੰ ਤੱਕਣ ਲਈ ਤਰਸਦੀਆਂ ਅੱਖਾਂ, ਬਿਰਹਾ, ਵਿਯੋਗ, ਤਨਹਾਈ ਵਰਗੀਆਂ ਸਾਰੀਆਂ ਗੱਲਾਂ ‘ਆਟੇ ਦੀ ਚਿੜੀ’ ਫਿਲਮ ’ਚ ਦੇਖਣ ਨੂੰ ਮਿਲੀਆਂ। ਕਿਉਂਕਿ ਇਹ ਫਿਲਮ ਵਿਰਸੇ ਦੀ ਸੰਭਾਲ ਤੇ ਪੰਜਾਬੀਅਤ ਦੀ ਗੱਲ ਦਲੀਲਾਂ ਨਾਲ ਕਰਦੀ ਹੈ। ਅੱਜ ਸਥਾਨਕ ਮੋਗਾ ਸੜਕ ’ਤੇ ਸਥਿੱਤ ਮਲਟੀਪਲੈਕਸ ‘ਫਨ ਪਲਾਜਾ’ ’ਚ ਉਕਤ ਫਿਲਮ ਦੇਖ ਕੇ ਜਦੋਂ ਦਰਸ਼ਕਾਂ ਦਾ ਹਜ਼ੁੂਮ ਬਾਹਰ ਨਿਕਲਿਆ ਤਾਂ ਗੱਲਬਾਤ ਕਰਨ ਤੋਂ ਬਾਅਦ ਉਨਾ ਖੁਦ ਮੰਨਿਆ ਕਿ ਉਕਤ ਫਿਲਮ ’ਚ ਵਰਤਮਾਨ ਸਮੇਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਨਸ਼ੇ, ਪਰਿਵਾਰਾਂ ਦੀ ਸਾਂਝ ਟੁੱਟਣ ਦੇ ਕਾਰਨ, ਵੱਧ ਰਹੀ ਪੈਸੇ ਦੀ ਅਹਿਮੀਅਤ ਨਾਲ ਗਵਾਚ ਰਹੀਆਂ ਮੋਹ ਦੀਆਂ ਤੰਦਾਂ, ਪੰਜਾਬੀ ਮਾਂ ਬੋਲੀ ਦੇ ਗਾਇਬ ਹੋਣ, ਵਿਦੇਸ਼ਾਂ ’ਚ ਔਲਾਦ ਨੂੰ ਭੇਜਣ ਲਈ ਜਮੀਨਾ ਗਹਿਣੇ ਰੱਖਣ, ਗੁਰਬਤ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਮਾਪੇ ਅਤੇ ਕਮੇਡੀ ਵਾਲੀਆਂ ਗੱਲਾਂ ਵੀ ਰੋਚਕ ਤੇ ਦਿਲਚਸਪ ਹਨ। ਉਨਾ ਦੱਸਿਆ ਕਿ ਉਹ ਲੋਕ ਜੋ ਪੰਜਾਬ ਤੋਂ ਭਲਿਆਂ ਸਮਿਆਂ ’ਚ ਵਿਦੇਸ਼ਾਂ ’ਚ ਕਮਾਈ ਕਰਨ ਗਏ, ਉਹ ਨਾ ਤਾਂ ਉੱਥੋਂ ਦਾ ਸੱਭਿਆਚਾਰ ਅਪਣਾ ਸਕੇ ਅਤੇ ਨਾ ਹੀ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਭੁੱਲ ਸਕੇ, ਉਹ ਅੱਜ ਵੀ ਆਪਣਾ ਉਹੋ ਜਿਹਾ ਪੰਜਾਬ ਲੋਚਦੇ ਹਨ, ਜਿਹੜਾ ਉਹ ਛੱਡ ਗਏ ਹਨ। ਪੰਜਾਬ ਦੀ ਸਰਦਾਰੀ ਛੱਡ ਕੇ ਵਿਦੇਸ਼ਾਂ ’ਚ ਮਜਦੂਰੀ ਕਰਨ ਦੀ ਮਜਬੂਰੀ ਵਰਗੇ ਸੀਨ ਦਿਲ ਨੂੰ ਹਲੂਣਾ ਦਿੰਦੇ ਹਨ। ਦਰਸ਼ਕਾਂ ਨੇ ਹੋਰਨਾ ਫਿਲਮਾਂ ਤੋਂ ਵੱਖਰੀ ਫਿਲਮ ਬਣਾਉਣ ਲਈ ਤੇਗ ਪ੍ਰੋਡਕਸ਼ਨ ਦੇ ਚਰਨਜੀਤ ਸਿੰਘ ਵਾਲੀਆ, ਡਾ ਮਨਜੀਤ ਸਿੰਘ ਢਿੱਲੋਂ ਅਤੇ ਜੀ ਆਰ ਐਸ ਛੀਨਾ ਨੂੰ ਮੁਬਾਰਕਬਾਦ ਦਿੰਦਿਆਂ ਉਨਾ ਦਾ ਧੰਨਵਾਦ ਵੀ ਕੀਤਾ।