ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵੱਲੋਂ ਨਿਸ਼ਾਨੇਬਾਜ਼ੀ ਵਿਚ ਮੱਲ੍ਹਾਂ ਮਾਰਨ ਵਾਲੇ ਸ਼ੂਟਰਸ ਨੂੰ ਕੀਤਾ ਗਿਆ ਸਨਮਾਨਿਤ

ਫ਼ਿਰੋਜ਼ਪੁਰ, ਫਾਜ਼ਿਲਕਾ 18 ਅਕਤੂਬਰ ( ਸੰਦੀਪ ਕੰਬੋਜ ਜਈਆ) : ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਵੱਲੋਂ ਆਪਣੇ ਸ਼ੂਟਰਸ ਜ਼ਿੰਨ੍ਹਾ ਨੇ ਨਸ਼ਾਨੇਬਾਜ਼ੀ ਵਿੱਚ ਪੰਜਾਬ ਪੱਧਰ ਚੈਪੀਅਨਸ਼ਿਪ ਵਿੱਚ ਮੱਲ੍ਹਾਂ ਮਾਰਨ ਵਾਲੇ ਸ਼ੂਟਰਸ ਨੂੰ ਸਨਮਾਨਿਤ ਕਰਨ ਹਿਤ ਬੋਪਾਰਾਏ ਸ਼ੂਟਿੰਗ ਰੇਂਜ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ, ਆਈ.ਜੀ. ਫ਼ਿਰੋਜ਼ਪੁਰ ਰੇਂਜ ਸ੍ਰੀ ਐਮ.ਐਸ.ਛੀਨਾ ਅਤੇ ਸੀਨੀਅਰ ਅਫਸਰ ਐਚ.ਕੇ. ਸ਼ਰਮਾ ਉੱਤਰ ਰੇਲਵੇ  ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਨ੍ਹਾਂ ਸ਼ੂਟਰਸ ਦੀ ਹੌਸਲਾ ਅਫਜਾਈ ਕੀਤੀ।ਡਿਪਟੀ ਕਮਿਸ਼ਨਰ ਨੇ ਸਮੂਹ ਸ਼ੂਟਰਸ ਨੂੰ ਉਨ੍ਹਾਂ ਵੱਲੋਂ ਇਸ ਖੇਤਰ ਵਿੱਚ ਮਾਰੀਆਂ ਮੱਲ੍ਹਾਂ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਇਸੇ ਤਰ੍ਹਾਂ ਆਪਣੇ ਜ਼ਿਲ੍ਹੇ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ ਅਤੇ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਜਾਵੇ।  ਉਨ੍ਹਾਂ ਨੇ ਸਮੂਹ ਖਿਡਾਰੀਆਂ ਨੂੰ ਕਿਹਾ ਕਿ ਆਪਣੀ ਖੇਡ ਪ੍ਰਤੀ ਰੁਚੀ ਨੂੰ ਹੋਰ ਵਧਾਇਆ ਜਾਵੇ ਅਤੇ ਉਲਪਿੰਕ ਖੇਡਾਂ ਵਿੱਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ  ਕੀਤਾ ਜਾਵੇ।ਇਸ ਮੌਕੇ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ ਦੇ ਪ੍ਰਧਾਨ ਗੁਰੂਹਰਦੀਪ ਸਿੰਘ ਸੋਢੀ, ਸੈਕਟਰੀ ਪਰਵਿੰਦਰ ਸਿੰਘ ਸੋਢੀ, ਸ੍ਰੀ ਰਾਜਾ ਭੁਪਿੰਦਰ ਸਿੰਘ ਸੋਢੀ, ਸ੍ਰੀ ਅਸ਼ੋਕ ਬਹਿਲ ਸੈਕਟਰੀ ਸਮੇਤ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।