4000 ਪੁਲਿਸ ਮੁਲਾਜ਼ਮਾਂ ਨੂੰ ਜਲਦ ਹੀ ਕੀਤਾ ਜਾਵੇਗਾ ਪਦ-ਉੱਨਤ: ਡੀ.ਜੀ.ਪੀ ਅਰੋੜਾ

ਚੰਡੀਗੜ, 18 ਅਕਤੂਬਰ(ਪੱਤਰ ਪਰੇਰਕ)-ਪੁਲਿਸ ਮੁਲਾਜਮਾਂ ਅੰਦਰ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਅਤੇ ਸੁਹਿਰਦਤਾ ਵਧਾਉਣ ਦੀ ਕੋਸ਼ਿਸ਼ ਤਹਿਤ ਡੀਜੀਪੀ  ਪੰਜਾਬ ਸੁਰੇਸ਼ ਅਰੋੜਾ ਨੇ  ਪੁਲਿਸ ਹੈੱਡਕੁਆਟਰ ਵਿਖੇ ਅਸਿਸਟੈਂਟ ਸਬ-ਇੰਸਪੈਕਟਰ ਕਰਮਜੀਤ ਸਿੰਘ (905/ਕਪੂਰਥਲਾ) ਅਤੇ ਹੌਲਦਾਰ ਜਗਦੀਸ਼ ਕੁਮਾਰ (1047/ਕਪੂਰਥਲਾ) ਜੋ ਕਿ ਪੀ.ਸੀ.ਆਰ ਕਪੂਰਥਲਾ ਵਿਖੇ ਤਾਇਨਾਤ ਹਨ, ਨੂੰ ਕਿਸੇ ਰਾਹਗੀਰ ਦਾ ਸੜਕ ’ਤੇ ਡਿੱਗਾ ਪੈਸਿਆਂ ਨਾਲ ਭਰਿਆ ਪਰਸ ਵਾਪਸ ਕਰਨ ਬਦਲੇ ਕਮਾਂਡੇਸ਼ਨ ਸਰਟੀਫਿਕੇਟ ਸਮੇਤ 5000-5000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪੁਲਿਸ ਕਰਮੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਬਹੁਤ ਜਲਦ ਪੁਲਿਸ ਵਿਭਾਗ ਵਲੋਂ 4000 ਪੁਲਿਸ ਮੁਲਾਜ਼ਮਾਂ ਨੂੰ ਪਦ-ਉੱਨਤ ਕੀਤਾ ਜਾਵੇਗਾ ਜਿਸ ਸਬੰਧੀ ਪਰਿਕਿਰਿਆ ਪਹਿਲਾਂ ਹੀ ਚਾਲੂ ਹੋ ਚੁੱਕੀ ਹੈ। ਇਸ ਮੌਕੇ ਡੀਜੀਪੀ ਅਰੋੜਾ ਨੇ ਪੰਜਾਬ ਪੁਲਿਸ ਦੇ ਦੋਵਾਂ ਮੁਲਾਜਮਾਂ ਵੱਲੋਂ ਦਿਖਾਈ ਇਮਾਨਦਾਰੀ ’ਤੇ ਮਾਣ ਪ੍ਰਗਟਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਕਪੂਰਥਲਾ ਦੇ ਉਕਤ ਦੋ ਮੁਲਾਜ਼ਮਾ ਨੂੰੰੂ ਸੜਕ ਦੇ ਡਿੱਗਿਆ ਇੱਕ ਬਟੂਆ ਪ੍ਰਾਪਤ ਹੋਇਆ ਸੀ ਜਿਸ ਵਿੱਚ ਕੁਝ ਜ਼ਰੂਰੀ ਦਸਤਾਵੇਜ਼ ਸਮੇਤ ਭਾਰਤੀ ਤੇ ਵਿਦੇਸ਼ੀ ਕਰੰਸੀ ਵੀ ਮੌਜੂਦ ਸੀ। ਪੀ.ਸੀ.ਆਰ ਦੇ ਦੋਵੇਂ ਮੁਲਾਜਮਾਂ ਨੇ ਬਟੂਏ ਦੇ ਅਸਲੀ ਮਾਲਕ ਜਗਬੀਰ ਸਿੰਘ ਨਾਲ ਸੰਪਰਕ ਕੀਤਾ ਅਤੇ ਜਾ ਕੇ ਬਟੂਆ ਉਸ ਦੇ ਹਵਾਲੇ ਕੀਤਾ । ਇਸ ਤੇ ਜਗਬੀਰ ਸਿੰਘ ਨੇ ਪੁਲਿਸ ਕਰਮੀਆਂ ਦਾ ਦਿਲੋਂ ਧੰਨਵਾਦ ਵੀ ਕੀਤਾ । ਇਸ ਮੌਕੇ ਏ.ਡੀ.ਜੀ.ਪੀ ਸੁਰੱਖਿਆ ਆਰ.ਐਨ ਢੋਕੇ, ਏ.ਡੀ.ਜੀ.ਪੀ ਮਾਡਰਨਾਈੇਜੇਸ਼ਨ ਐਸ.ਕੇ. ਅਸਥਾਨਾ ਅਤੇ ਸਟਾਫ ਅਫਸਰ/ਡੀ.ਜੀ.ਪੀ ਅਰੁਣ ਸੈਣੀ ਵੀ ਹਾਜ਼ਰ ਸਨ।