ਮੁੱਖ ਮੰਤਰੀ 23 ਅਕਤੂਬਰ ਨੂੰ ਪੰਜ ਦਿਨਾਂ ਦੌਰੇ ਦੌਰਾਨ ਕਰਨਗੇ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਚੰਡੀਗੜ, 18 ਅਕਤੂਬਰ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਪੰਜ ਦਿਨਾ ਦੌਰੇ ਦੌਰਾਨ 23 ਅਕਤੂਬਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਰਿੳੂਵੇਨ ਰਿਵਲਿਨ ਨਾਲ ਮੁਲਾਕਾਤ ਕਰਕੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰਤ ਵਿਚਾਰ-ਚਰਚਾ ਕਰਨਗੇ। ਮੁੱਖ ਮੰਤਰੀ ਆਪਣੇ ਦੌਰੇ ਦੌਰਾਨ ਮੁਲਕ ਦੇ ਵੱਖ-ਵੱਖ ਮੰਤਰੀਆਂ ਅਤੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਮੁੱਖ ਮੰਤਰੀ ਨਾਲ ਇਕ ਉਚ ਪੱਧਰੀ ਵਫ਼ਦ ਵੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਇਜ਼ਰਾਈਲ ਦੇ ਖੇਤੀਬਾੜੀ ਮੰਤਰੀ ਉਰੀ ਏਰੀਅਲ ਅਤੇ ੳੂਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਨੂੰ ਵੀ ਮਿਲਣ ਦਾ ਪ੍ਰੋਗਰਾਮ ਤੈਅ ਹੈ। ਇਸ ਦੌਰੇ ਦੌਰਾਨ ਜਲ ਪ੍ਰਬੰਧਨ ਦੇ ਖੇਤਰ ਵਿੱਚ ਦੋ ਸਮਝੌਤੇ ਸਹੀਬੰਦ (ਐਮ.ਓ.ਯੂ.) ਵੀ ਹੋਣ ਦੀ ਆਸ ਹੈ ਜੋ ਪੰਜਾਬ ਸਰਕਾਰ ਦਾ ਪ੍ਰਮੁੱਖ ਖੇਤਰ ਹੈ। ਇਸੇ ਤਰਾਂ 23 ਅਕਤੂਬਰ ਨੂੰ ‘ਪੰਜਾਬ ਵਿੱਚ ਨਿਵੇਸ਼ ਦੇ ਮੌਕੇ’ ’ਤੇ ਹੋਣ ਵਾਲੇ ਸੈਮੀਨਾਰ ਦੇ ਹਿੱਸੇ ਵਜੋਂ ਪੀ.ਏ.ਯੂ. ਤੇ ਟੀ.ਏ.ਯੂ ਦੇ ਨਾਲ-ਨਾਲ ਗੈਲਿਲੀ ਇੰਸਟੀਚਿੳੂਟ ਦਰਮਿਆਨ ਐਮ.ਓ.ਯੂ. ਕੀਤੇ ਜਾਣਾ ਵੀ ਏਜੰਡੇ ’ਤੇ ਹੈ।     ਇਕ ਸਰਕਾਰੀ ਬੁਲਾਰੇ ਨੇ ਦੌਰੇ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਐਤਵਾਰ ਨੂੰ ਇਜ਼ਰਾਈਲ ਪਹੁੰਚਣ ਅਤੇ 25 ਅਕਤੂਬਰ ਨੂੰ ਰਵਾਨਾ ਹੋਣ ਦਾ ਪ੍ਰੋਗਰਾਮ ਹੈ। ਮੁੱਖ ਮੰਤਰੀ ਇਤਿਹਾਸਕ ਤੇ ਸੱਭਿਆਚਾਰਕ ਮਹੱਤਤਾ ਵਾਲੀਆਂ ਮਹੱਤਵਪੂਰਨ ਥਾਵਾਂ ਤੋਂ ਇਲਾਵਾ ਸਿੰਚਾਈ, ਖੇਤੀਬਾੜੀ, ਬਾਗਬਾਨੀ ਅਤੇ ਡੇਅਰੀ ਫਾਰਮਿੰਗ ਦੇ ਉਚ ਤਕਨੀਕ ਵਾਲੇ ਕੁਝ ਵੱਡੇ ਕੇਂਦਰਾਂ ਦਾ ਵੀ ਦੌਰਾ ਕਰਨਗੇ। ਉਹ ਹੈਫਾ ਯੁੱਧ ਦੇ ਸ਼ਹੀਦਾਂ ਲਈ ਬਣੀ ਰਾਸ਼ਟਰਮੰਡਲ ਯਾਦਗਾਰ ਵਿਖੇ ਜਾਣਗੇ। ਇਸ ਦੌਰੇ ’ਤੇ ਮੁੱਖ ਮੰਤਰੀ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਉਦਯੋਗ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਅਤੇ ਸਕੱਤਰ ਜਲ ਸਰੋਤ ਅਰੁਣਜੀਤ ਸਿੰਘ ਮਿਗਲਾਨੀ ਵੀ ਜਾਣਗੇ।