ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕੱਢੀਆਂ ਗਈਆਂ ਜਾਗਰੂਕਤਾ ਰੈਲੀਆਂ

ਮੋਗਾ 17 ਅਕਤੂਬਰ:(ਜਸ਼ਨ)- ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਸਹਿਯੋਗ ਨਾਲ ਵਿਦਿਆਰਥੀ ਵਰਗ ਵੱਲੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਵਿਦਿਆਰਥੀਆਂ ਵੱਲੋ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਇਸ ਮੌਕੇ ਸਰਕਾਰੀ ਬਹੁਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ ਜੀਵਨ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਮਾਤਾ ਪਿਤਾ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਜਾਗਰੂਕ ਕਰਨ। ਉਨਾਂ ਕਿਹਾ ਕਿ ਕਿਸਾਨ ਵੀਰ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਇਸ ਨੂੰ ਆਪਣੇ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ। ਉਨਾਂ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਗੰਭੀਰ ਨੁਕਸਾਨਾਂ ਦਾ ਖਮਿਆਜ਼ਾ ਜਿੱਥੇ ਖੁਦ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ, ਉੱਥੇ ਇਸ ਦੇ ਧੂੰਏ ਕਾਰਣ ਬੱਚਿਆਂ, ਬਜ਼ੁਰਗਾਂ ਅਤੇ ਜੀਵ-ਜੰਤੂਆਂ ‘ਚ ਬੀਮਾਰੀਆਂ ਦਾ ਫ਼ੈਲਾਅ ਵੀ ਹੁੰਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਦੇ ਪਿ੍ਰੰਸੀਪਲ ਸਵਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪਰਾਲੀ ਦੇ ਧੂੰਏ ਨਾਲ ਹੋ ਰਹੇ ਵਾਤਾਵਰਣ ਪ੍ਰਦੂਸ਼ਣ  ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਨਾ ਕੇਵਲ ਵਾਤਾਵਰਣ ਗੰਧਲਾ ਹੁੰਦਾ ਹੈ, ਸਗੋਂ ਜ਼ਮੀਨ ਦੀ ਸਿਹਤ ਵੀ ਖਰਾਬ ਹੁੰਦੀ ਹੈ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਕਿਸਾਨਾਂ ਦੇ ਮਿੱਤਰ ਕੀੜੇ ਮਰ ਜਾਂਦੇ ਹਨ, ਉੱਥੇ ਜ਼ਮੀਨ ਵਿਚਲੇ ਕਈ ਜ਼ਰੂਰੀ ਤੱਤਾਂ ਦਾ ਵੀ ਖਾਤਮਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਅੱਗ ਦੇ ਧੂੰਏਂ ਕਾਰਣ ਸੜਕੀ ਹਾਦਸੇ ਵੀ ਵਾਪਰਦੇ ਹਨ, ਜਿਨਾਂ ਨਾਲ ਕਈ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਇਸ ਲਈ ਵਿਦਿਆਰਥੀ ਵਰਗ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਰੋਲ ਅਦਾ ਕਰ ਸਕਦਾ ਹੈ। ਇਸ ਮੌਕੇ ਬਲਵਿੰਦਰ ਸਿੰਘ, ਜਗਰੂਪ ਸਿੰਘ ਬਰਾੜ, ਕਾਲਜ ਅਤੇ ਸਕੂਲ ਦੇ ਸਟਾਫ ਮੈਬਰ ਅਤੇ ਵਿਦਿਆਰਥੀ ਹਾਜ਼ਰ ਸਨ।