18 ਅਕਤੂਬਰ ਨੂੰ ਸਰਕਾਰ ਦਾ ਪੁਤਲਾ ਫੂਕ ਕੇ ਦੁਸ਼ਹਿਰਾ ਮਣਾਉਣਗੇ ਮੋਰਚੇ ‘ਚ ਸ਼ਾਮਲ ਅਧਿਆਪਕ,ਅੱਜ ਸਿੱਖਿਆ ਸਕੱਤਰ ਦੇ ਪੁਤਲੇ ਨੂੰ ਲਗਾਇਆ ਗਿਆ ਲਾਂਬੂ
ਪਟਿਆਲਾ, 17 ਅਕਤੂਬਰ (STAFF REPORTER):ਰਮਸਾ ਅਤੇ ਐੱਸ ਐੱਸ ਏ ਅਧਿਆਪਕਾਂ ਨੂੰ ਪੱਕਾ ਕਰਨ ਅਤੇ ਤਨਖਾਹਾਂ ਘਟਾਉਣ ਦੇ ਫੈਸਲੇ ਉਪਰੰਤ ਅਧਿਆਪਕ ਵਰਗ ਵੱਲੋਂ ਬਣਾਏ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿਚ ਪਟਿਆਲਾ ਵਿਖੇ ਚੱਲ ਰਹੇ ਮਰਨ ਵਰਤ ਦੌਰਾਨ ਅੱਜ 11 ਵੇਂ ਦਿਨ ਸਿੱਖਿਆ ਸਕੱਤਰ ਕਰਿਸ਼ਨ ਕੁਮਾਰ ਦੀ ਰਿਹਾਇਸ਼ ਦੇ ਸਾਹਮਣੇ ਪੁਤਲਾ ਫੂਕ ਕੇ ਰੋਸ ਪ੍ਰਗਟਾਵਾ ਕੀਤਾ ਗਿਆ ।ਇਸ ਸਮੇਂ ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਬਿਆਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਲਗਾਤਾਰ 94% ਅਧਿਆਪਕਾਂ ਦੀ ਸਹਿਮਤੀ ਦੀ ਦੁਹਾਈ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਪੰਜਾਬ ਸਰਕਾਰ ਦੀ ਫਰਜੀ ਅੰਕੜਿਆਂ ਨੂੰ ਆਧਾਰ ਬਣਾ ਕੇ 8886 ਅਧਿਆਪਕਾਂ ਦੀਆਂ ਤਨਖਾਹਾਂ ਤੇ ਵੱਡੇ ਕੱਟ ਲਗਾਉਣ ਦੀ ਖੇਡੀ ਜਾ ਰਹੀ ਖੇਡ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦੋਂ ਸਿੱਖਿਆ ਸਕੱੱਤਰ ਤੋਂ ਲੁਧਿਆਣਾ ਦੇ ਐੱਮ.ਐੱਲ.ਏ. ਵੱਲੋਂ 94% ਅਧਿਆਪਕਾਂ ਦੀ ਸਹਿਮਤੀ ਦੀ ਜਾਣਕਾਰੀ ਮੰਗੀ ਜਾਣ ਤੇ ਸਿੱਖਿਆ ਸਕੱੱਤਰ ਕੋਈ ਵੀ ਠੋਸ ਤੱਥ ਜਾ ਦਸਤਾਵੇਜ ਪੇਸ਼ ਨਾ ਕਰ ਸਕੇ।ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਚਾਕ ਹੋਣ ਤੇ ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਸਕੱਤਰ ਦੀ ਮਾਡਲ ਟਾਊਨ ਪਟਿਆਲਾ ਸਥਿਤ ਰਿਹਾਇਸ਼ ਤੱਕ ਸਕੱਤਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਰੋਸ ਮਾਰਚ ਕਰਕੇ ਉਸਦੇ ਪੁਤਲੇ ਨੂੰ ਲਾਂਬੂ ਲਗਾਇਆ ਗਿਆ।ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਸੁਖਦੇਵ ਸੈਣੀ,ਜੋਗਿੰਦਰ ਉਗਰਾਹਾਂ, ਕਰਮਜੀਤ ਬੀਹਲਾ, ਹਰਭਜਨ ਬੁੱਟਰ, ਬਲਦੇਵ ਬੁੱਟਰ,ਕਸ਼ਮੀਰ ਘੁੱਗਸ਼ੋਰ, ਹਰਮੇਸ਼ ਢੇਸੀ, ਵੇਦ ਪ੍ਰਕਾਸ਼, ਮੱਖਣ ਵਾਹਿਦਪੁਰੀ, ਵਰਿੰਦਰ ਮੋਮੀ,ਬਲਜਿੰਦਰ ਧਾਲੀਵਾਲ, ਹਰਪ੍ਰੀਤ ਚਾਹਲ, ਪ੍ਰਵੀਨ ਜੋਗੀਪੁਰ, ਗੁਰਦੀਪ ਤਪਾਲਪੁਰੀ, ਗੁਰਦੀਪ ਬੈਹਣੀਵਾਲ, ਗੁਰਦਿਆਲ ਸਿੰਘ ਤੋਂ ਇਲਾਵਾ ਸੁਖਵਿੰਦਰ ਸੁੱਖੀ,ਕੁਲਵੰਤ ਚਾਨੀ, ਭੁਪਿੰਦਰ ਦੁੱਗਲ, ਜਗਤਾਰ ਸਿੰਘ, ਮੁਖਤਿਆਰ ਮੱਤਾ, ਕੁਲਦੀਪ ਸਿੰਘ ਦੌੜਕਾ, ਮੁਕੇਸ਼ ਕੁਮਾਰ, ਸਰਬਦੀਪ ਸਿੰਘ, ਹਰਮਿੰਦਰ ਸਿੰਘ ਉੱਪਲ, ਕੁਲਵਿੰਦਰ ਸਿੰਘ, ਸੋਮਨਪ੍ਰੀਤ ਕੌਰ ਆਦਿ ਨੇ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਪਿਛਲੇ ਦਿਨ੍ਹੀ ਇੱਕ ਪੱਤਰਕਾਰ ਵੱਲੋਂ ਸਿੱਖਿਆ ਮੰਤਰੀ ਤੋਂ 94% ਅਧਿਆਪਕਾਂ ਦੀ ਸਹਿਮਤੀ ਦਾ ਡਾਟਾ ਮੰਗੇ ਜਾਣ ਤੇ ਉਹਨਾਂ ਇਹ ਮਸਲਾ ਸਿੱਖਿਆ ਸਕੱਤਰ ਕੋਲ ਹੋਣ ਦੀ ਗੱਲ ਆਖ ਕੇ ਪਾਸਾ ਵੱਟ ਲਿਆ ਸੀ।ਆਪਣੇ ਵੱਲੋਂ ਬੁਣੇ ਝੂਠ ਦੇ ਤਾਣੇ ਵਿੱਚ ਉਲਝਦੇ ਜਾ ਰਹੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਕੋਈ ਠੋਸ ਅੰਕੜੇ ਜਾ ਜਾਣਕਾਰੀ ਪੇਸ਼ ਕਰਨ ਦੀ ਥਾਂ ਹੁਣ ਇਸ ਦੀ ਜਿੰਮੇਵਾਰੀ ਇੱਕ ਦੂਸਰੇ ਦੇ ਸਿਰ ਮੜ੍ਹਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜਰ ਆ ਰਹੇ ਹਨ।ਇਸ ਸਮੇਂ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਚਾਹਲ, ਦਵਿੰਦਰ ਪੂਨੀਆ, ਬਲਕਾਰ ਬਲਟੋਹਾ, ਹਰਜੀਤ ਬਸੋਤਾ, ਅਤੇ ਕੋ ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਡਾ.ਅੰਮ੍ਰਿਤਪਾਲ ਸਿੱਧੂ, ਵੀਨੀਤ ਕੁਮਾਰ ਨੇ ਦੱੱਸਿਆ ਕਿ ਤਨਖਾਹਾਂ ਵਿੱਚ ਕਟੌਤੀ ਨੂੰ ਰੱੱਦ ਕਰਵਾਉਣ ਸਮੇਤ ਮੋਰਚੇ ਦੇ ਮੰਗ ਪੱਤਰ ਵਿੱਚ ਦਰਜ ਸਮੂਹ ਮੰਗਾਂ ਨੂੰ ਹੱਲ ਕਰਨ ਤੋਂ ਭੱਜੀ ਕੈਪਟਨ ਸਰਕਾਰ ਵਿਰੁੱਧ 21 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੇ ਜਾਣ ਵਾਲੇ ਮੋਤੀ ਮਹਿਲ ਦੇ ਘਿਰਾਉ ਦੇ ਪ੍ਰੋਗਰਾਮ ਲਈ ਸਮੂਹ ਅਧਿਆਪਕ, ਮੁਲਾਜ਼ਮ, ਕਿਸਾਨ, ਮਜ਼ਦੂਰ ,ਜਨਤਕ ਜੱਥੇਬੰਦੀਆਂ ਅਤੇ ਸਮੂਹ ਫੈਡਰੇਸ਼ਨਾਂ ਵੱਲੋਂ ਤਰਕਸ਼ੀਲ ਭਵਨ ਪਟਿਆਲਾ ਵਿਖੇ ਕੀਤੀ ਮੀਟਿੰਗ ਵਿੱਚ ਰੂਪ ਰੇਖਾ ਤਿਆਰ ਕਰਦਿਆਂ ਵਿਸ਼ਾਲ ਲਾਮਬੰਦੀ ਕਰਕੇ ਕੈਪਟਨ ਸਰਕਾਰ ਦੀਆਂ ਚੂਲਾਂ ਹਿਲਾਉਣ ਦਾ ਐਲਾਨ ਕੀਤਾ ਗਿਆ।ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਦੇ ਬਹੁਗਿਣਤੀ ਅਤੇ ਤੱਥਪੂਰਨ ਦਸਤਾਵੇਜਾਂ ਨੂੰ ਅਣਗੋਲਿਆ ਕਰ ਰੈਗੂਲਰ ਦੇ ਭਲਚਾਵੇ ਹੇਠ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਦੇ ਵਿਰੋਧ ਵਿੱਚ ਚੱਲ ਰਹੇ ਚੱਲ ਰਹੇ ਮਰਨ ਵਰਤ ਅਤੇ ਬਾਕੀ ਵਿਭਾਗੀ ਮੰਗਾਂ ਜਿਨ੍ਹਾਂ ਵਿੱਚ 5178 ਅਧਿਆਪਕਾਂ ਦਾ ਲੰਮੇ ਸਮੇਂ ਤੋਂ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾਂ ਨੂੰ ਜਾਰੀ ਨਾ ਕਰਨ, ਪਿਕਟਸ ਅਧੀਨ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਦਰਸ਼ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ,ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਕੇ ਸਿੱਖਿਆ ਦਾ ਉਜਾੜਾ ਕਰਨ ਵਾਲੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਅਤੇ ਅਖੌਤੀ ਪਰੋਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ 'ਚੋਂ ਹਟਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ, ਪੰਜਾਬ ਭਰ ਦੇ ਅਧਿਆਪਕ ਦੀਆਂ 2016 ਤੋਂ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨ, ਕਈ-ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਅਤੇ ਆਦਰਸ਼ ਸਕੂਲਾਂ ਵਿੱਚ ਸਰਕਾਰੀ ਮਿਲੀਭੁਗਤ ਨਾਲ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਅਧਿਆਪਕਾਂ ਦੀਆਂ ਕੀਤੀਆਂ ਟਰਮੀਨੇਸ਼ਨਾ ਰੱਦ ਕਰਨ ਸਮੇਤ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਆਂ ਕੀਤੀਆਂ ਮੁਅੱਤਲੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਆਦਿ ਮੰਗਾਂ ਸ਼ਾਮਿਲ ਹਨ ਲਈ ਸਰਕਾਰ ਦੇ ਥਕਾਉਣ,ਹੰਭਾਉਣ ਅਤੇ ਝੁਕਾਉਣ ਦੇ ਪੈਂਤੜੇ ਨੂੰ ਪੁੱਠਾ ਗੇੜਾ ਦਿੰਦਿਆਂ ਚੱਲ ਰਹੇ ਪੱਕਾ ਮੋਰਚੇ ਵਿੱਚ ਅੱਜ ਮੁਕਤਸਰ, ਫਰੀਦਕੋਟ ਅਤੇ ਨਵਾਂਸ਼ਹਿਰ ਜਿਲ੍ਹਿਆਂ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।ਪੱਕੇ ਮੋਰਚੇ ਦਰਮਿਆਨ ਚਲ ਰਹੇ ਮਰਨ ਵਰਤ ਦੇ ਗਿਆਰਵੇਂ ਦਿਨ ਵਿੱਚ ਪੁੱਜਣ ਤੇ ਮਰਨ ਵਰਤ ਵਿੱਚ ਸ਼ਾਮਿਲ ਛੇ ਮਹਿਲਾ ਅਧਿਆਪਕਾਂ ਸਮੇਤ ਕੁੱਲ ਸਤਾਰਾਂ ਅਧਿਆਪਕਾਂ ਵਿੱਚੋਂ ਵੱਡੀ ਗਿਣਤੀ ਅਧਿਆਪਕਾ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ।ਆਗੂਆਂ ਨੇ ਆਖਿਆ ਕਿ ਝੂਠੇ ਅੰਕੜਿਆਂ ਦੇ ਆਧਾਰ ਤੇ ਅਧਿਆਪਕਾਂ ਦਾ ਗਲ ਘੁੱਟਣ ਲਈ ਯਤਨਸ਼ੀਲ ਪੰਜਾਬ ਦੀ ਕਾਂਗਰਸ ਸਰਕਾਰ ਦੇ ਇਸ ਘਟੀਆ ਤੇ ਨਿੰਦਣਯੋਗ ਰਵੱਈਏ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪੂਰਾ ਹਫਤਾ ਕਾਲੇ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਕੂਲ ਸਮੇਂ ਤੋਂ ਬਾਅਦ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਸਕੂਲਾਂ ਦੇ ਬਾਹਰ ਸਮੂਹ ਸਟਾਫ ਵੱਲੋਂ ਬੱਚਿਆਂ, ਉਹਨਾਂ ਦੇ ਮਾਪਿਆਂ, ਸਕੂਲ ਮੈਨੇਂਜਮੈਂਟ ਕਮੇਟੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਅਰਥੀਆਂ ਫੂਕਦਿਆਂ ਦੇਸ਼ ਭਰ ਦੇ ਲੋਕਾਂ ਸਾਹਮਣੇ ਲੋਕ ਹਿੱਤਾਂ ਦਾ ਡਰਾਮਾ ਕਰਨ ਵਾਲੀ ਸੂਬਾ ਸਰਕਾਰ ਦਾ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ ਜਾ ਰਿਹਾ ਹੈ।ਇਸ ਸਮੇਂ ਆਗੂਆਂ ਨੇ ਦੱਸਿਆ ਕਿ ਮੋਰਚੇ ਵੱਲੋਂ ਸਰਕਾਰ ਦੇ ਨਾਦਰਸ਼ਾਹੀ ਫੁਰਮਾਨਾਂ ਦਾ ਵਿਰੋਧ ਕਰਦਿਆਂ 18 ਅਕਤੂਬਰ ਨੂੰ ਪਟਿਆਲਾ ਸਮੇਤ ਪੰਜਾਬ ਦੇ ਸਮੂਹ ਜਿਲ੍ਹਿਆਂ ਅੰਦਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਉਸਦੇ ਮੰਤਰੀਆਂ ਦੇ ਵੱਡ ਆਕਾਰੀ ਬੁੱਤ ਬਣਾ ਕੇ ਉਹਨਾਂ ਨੂੰ ਲਾਂਬੂ ਲਗਾਉਂਦਿਆਂ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਮਨਾਇਆ ਜਾਵੇਗਾ ਜਿਸ ਵਿੱਚ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਜਿਲ੍ਹਿਆਂ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਿਲ ਹੋਣਗੇ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।