ਅਧਿਕਾਰੀ ਪ੍ਰਧਾਨ ਮੰਤਰੀ ਨਿਊ 15 ਨੁਕਾਤੀ ਪ੍ਰੋਗਰਾਮ ਤਹਿਤ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਬਣਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ-ਮਨਜੀਤ ਸਿੰਘ ਰਾਏ

ਮੋਗਾ 17 ਅਕਤੂਬਰ(ਜਸ਼ਨ): ਸਬੰਧਤ ਵਿਭਾਗਾਂ ਦੇ ਅਧਿਕਾਰੀ ਪ੍ਰਧਾਨ ਮੰਤਰੀ ਨਿਊ 15 ਨੁਕਾਤੀ ਪ੍ਰੋਗਰਾਮ (ਘੱਟ ਗਿਣਤੀ ਵਰਗ) ਤਹਿਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਦਾ ਬਣਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ। ਇਹ ਪ੍ਰੇਰਣਾ ਮੈਂਬਰ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਸ੍ਰੀ ਮਨਜੀਤ ਸਿੰਘ ਰਾਏ ਨੇ ਬੀਤੀ ਸ਼ਾਮ ਮੀਟਿੰਗ ਹਾਲ ਵਿਖੇ ਪ੍ਰਧਾਨ ਮੰਤਰੀ ਨਿਊ 15 ਨੁਕਾਤੀ ਪ੍ਰੋਗਰਾਮ (ਘੱਟ ਗਿਣਤੀ ਵਰਗ) ਤਹਿਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਬੈਠਕ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜਿੰਦਰ ਬਤਰਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸ੍ਰੀ ਮਨਜੀਤ ਸਿੰਘ ਰਾਏ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਪਾਸੋਂ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਨਾਂ ਸਕੀਮਾਂ ਜਿਵੇਂਂ ਵਜ਼ੀਫ਼ਾ ਸਕੀਮ, ਪ੍ਰੀ ਮੈਟਿ੍ਰਕ, ਪੋਸਟ ਮੈਟਿ੍ਰਕ ਤੇ ਮੈਰਿਟ-ਕਮ-ਮੀਨਜ਼ ਬੇਸਡ, ਇੰਦਰਾ ਆਵਾਸ ਯੋਜਨਾ, ਬੈਂਕ ਕਰਜ਼ੇ, ਸਿਹਤ ਸਹੂਲਤਾਂ, ਪੈਨਸ਼ਨ ਸਕੀਮਾਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੀ ਖਾਧ-ਖ਼ੁਰਾਕ ਸਮੇਤ ਘੱਟ ਗਿਣਤੀ ਵਰਗ ਅਧੀਨ ਆਉਂਦੇ ਮੁਸਲਿਮ, ਸਿੱਖ, ਇਸਾਈ, ਜੈਨ, ਬੋਧੀ ਅਤੇ ਪਾਰਸੀ ਵਰਗ ਦੇ ਲੋਕਾਂ ਨੂੰ ਹਰ ਸਕੀਮ ਵਿੱਚ 15 ਫ਼ੀਸਦੀ ਬਣਦਾ ਲਾਭ ਦੇਣ ਲਈ ਯਕੀਨੀ ਬਣਾਉਂਣ ਦੀ ਹਦਾਕਿੀਤੀ। ਉਨਾਂ ਜ਼ਿਲਾ ਸਿੱਖਿਆ ਅਫ਼ਸਰ (ਸੈ) ਪਰਦੀਪ ਸ਼ਰਮਾ ਨੂੰ ਘੱਟ ਗਿਣਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀਆਂ ਦੇ ਵਜ਼ੀਫ਼ੇ ਆਨਲਾਈਨ ਕਰਵਾਉਣ ਲਈ ਸਕੂਲਾਂ/ਕਾਲਜ਼ਾਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਦੇ ਆਦੇਸ਼ ਦਿੱਤੇ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਲਾਭ ਲੈ ਸਕਣ। ਇਸ ਤੋਂ ਇਲਾਵਾ ਉਨਾਂ ਜ਼ਿਲੇ ਵਿੱਚ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਇਮਾਰਤਾਂ ਦੀ ਸਹੂਲਤ ਦੇਣ ਲਈ ਪ੍ਰਾਇਮਰੀ ਸਕੂਲਾਂ ਨਾਲ ਤਾਲਮੇਲ ਕਰਕੇ ਚਲਾਉਣ, ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਬੈਂਕਾਂ ਵੱਲੋਂ ਘੱਟ ਵਿਆਜ਼ ‘ਤੇ ਕਾਰੋਬਾਰੀ ਕਰਜ਼ੇ ਮੁਹੱਈਆ ਕਰਵਾਉਣ, ਪ੍ਰਧਾਨ ਮੰਤਰੀ ਬੀਮਾ ਯੋਜਨਾ ਅਤੇ ਮੁਦਰਾ ਯੋਜਨਾ ਤਹਿਤ ਬਣਦੇ ਲਾਭ ਪ੍ਰਦਾਨ ਕਰਨ ਲਈ ਵੀ ਆਖਿਆ। ਉਨਾਂ ਪੁਲਿਸ ਪ੍ਰਸਾਸ਼ਨ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦਖੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲੇ ਵਿੱਚ ਸਰਕਾਰ ਵੱਲੋਂ ਘੱਟ ਗਿਣਤੀ ਵਰਗ ਲਈ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਪੂਰਣ ਤੌਰ ‘ਤੇ ਲਾਗੂ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਅਨੀਤਾ ਦਰਸ਼ੀ, ਐਸ.ਡੀ.ਐੱਮ.ਮੋਗਾ ਗੁਰਵਿੰਦਰ ਸਿੰਘ ਜੌਹਲ, ਸਹਾਇਕ ਕਮਿਸ਼ਨਰ ਲਾਲ ਵਿਸਵਾਸ਼ ਬੈਂਸ, ਜ਼ਿਲਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ, ਸਹਾਇਕ ਜ਼ਿਲਾ ਅਟਾਰਨੀ ਸੁਖਦੇਵ ਸਿੰਘ, ਡੀ.ਐਸ.ਪੀ (ਸਿਟੀ) ਕੇਸਰ ਸਿੰਘ, ਜ਼ਿਲਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ, ਜ਼ਿਲਾ ਸਿੱਖਿਆ ਅਫ਼ਸਰ (ਸੈ) ਪ੍ਰਦੀਪ ਸ਼ਰਮਾ, ਜ਼ਿਲਾ ਸਿੱਖਿਆ ਅਫ਼ਸਰ (ਐ) ਜਸਪਾਲ ਸਿੰਘ ਔਲਖ, ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ, ਲੀਡ ਬੈਂਕ ਦੇ ਨੁਮਾਇੰਦੇ ਭੂਸ਼ਨ ਸਿੰਗਲਾ ਅਤੇ ਪ੍ਰਧਾਨ ਜੈਨ ਸਭਾ ਵਿਜ਼ੇ ਬਾਂਸਲ ਆਦਿ ਹਾਜ਼ਰ ਸਨ।