ਆਰਸੇਟੀ ਦੁੱਨੇਕੇ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ 15 ਅਕਤੂਬਰ(ਜਸ਼ਨ):ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਚਲਾਈ ਜਾਂਦੀ ਦਿਹਾਤੀ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਦੁੱਨੇਕੇ ਵਿਖੇ ਟ੍ਰੇਨਿੰਗ ਲੈਣ ਲਈ ਆਉਂਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਲਗਭਗ 35 ਲੜਕੀਆਂ ਸ਼ਾਮਲ ਹੋਈਆਂ। ਸੰਸਥਾ ਦੇ ਮੁਖੀ ਸ: ਸੀ.ਪੀ. ਸਿੰਘ ਨੇ ਸੈਮੀਨਾਰ ਵਿੱਚ ਪਹੁੰਚੇ ਬੁਲਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇੇ। ਸ਼੍ਰੀ ਸੁਰਿੰਦਰ ਕੁਮਾਰ ਬਾਂਸਲ ਜ਼ਿਲਾ ਕੋਆਰਡੀਨੇਟਰ, ਐੱਨ.ਜੀ.ਓਜ਼ ਨੇ ਦੇਵੀਆਂ ਦੀ ਉਪਮਾ ਕਰਦੇ ਹੋਏ ਨਾਰੀ ਸ਼ਸ਼ਕਤੀਕਰਨ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੇਕਰ ਲੜਕੀਆਂ ਆਪੋ ਆਪਣੇ ਪਿੰਡਾਂ ਵਿੱਚ ਜਾਕੇ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਤਾਂ ਉਨਾਂ ਦਾ ਚੰਗੇ ਸਮਾਜ ਦੀ ਸਿਰਜਨਾ ਵਿੱਚ ਵੱਡਾ ਯੋਗਦਾਨ ਹੋਵੇਗਾ। ਸ਼੍ਰੀ ਜਗਦੀਸ਼ ਸਿੰਘ ਰਾਹੀ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਵਾ, ਪਾਣੀ ਅਤੇ ਧਰਤੀ ਨੂੰ ਉੱਤਮ ਦਰਜਾ ਦਿੱਤਾ ਹੈ ਪਰ ਅੱਜ ਦਾ ਮਨੁੱਖ ਇਨਾਂ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਨਾਲ ਨਾਲ ਖਿਮਆਜਾ ਵੀ ਭੁਗਤ ਰਿਹਾ ਹੈ। ਪਰੰਤੂ ਮਸ਼ੀਨੀਕਰਨ ਦੇ ਦੌਰ ਵਿੱਚ ਪਦਾਰਥਵਾਦੀ ਹੋਣ ਕਾਰਨ ਉਹ ਬੇਖਬਰ ਹੈ। ਉਨਾਂ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀ ਨਾਲ ਜੁੜੇ ਹੋਣ ਨਾਤੇ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰੀਏ ਅਤੇ ਪਰਾਲੀ ਦੇ ਧੂੰਏਂ ਦੇ ਮਾਰੂ ਪ੍ਰਭਾਵਾਂ ਬਾਰੇ ਵੀ ਦੱਸੀਏ।