‘‘ਪਰਾਲੀ ਬਚਾਓ ਫ਼ਸਲ ਵਧਾਓ‘‘ ਤਹਿਤ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ-ਨਰਿੰਦਰ ਕੁਮਾਰ

ਮੋਗਾ 14 ਅਕਤੂਬਰ (ਜਸ਼ਨ)-ਨਾਬਾਰਡ ਵੱਲੋਂ ਅਭੀਵਿਅਕਤੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਬਾਘਾਪੁਰਾਣਾ ਵਿਖੇ ਪਰਾਲੀ ਸੁਰੱਖਿਆ ਅਭਿਆਨ 2018 ਤਹਿਤ ਬਲਾਕ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਡੀ.ਐਮ ਨਾਬਾਰਡ ਨਰਿੰਦਰ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਅੱਡੈਪਟੇਸ਼ਨ ਫੰਡ ਫ਼ਾਰ ਕਲਾਈਮੇਟ ਚੇਂਜ ਦੇ ਤਹਿਤ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਪਰਾਲੀ ਸੁਰੱਖਿਆ ਅਭਿਆਨ ਤਹਿਤ ‘‘ਪਰਾਲੀ ਬਚਾਓ ਫ਼ਸਲ ਵਧਾਓ’’ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਸ ਅਧੀਨ ਲੋਕਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਤੀਬਾੜੀ ਅਫਸਰ ਡਾ: ਜਰਨੈਲ ਸਿੰਘ ਨੇ ਪਰਾਲੀ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਅਭਿਆਨ ਨੂੰ ਸਫ਼ਲ  ਬਣਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਕਿਸਾਨਾਂ ਨੂੰ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਨਾਉਣਾ ਚਾਹੀਦਾ ਹੈ।  ਇਸ ਮੌਕੇ ਸੰਸਥਾ ਦੇ ਰੀਜਨਲ ਡਾਇਰੈਕਟਰ ਅਮਿ੍ਰਤਪਾਲ ਸਿੰਘ ਨੇ ਨਾਬਾਰਡ ਵੱਲੋਂ ਜਾਰੀ ਕੀਤੇ ਗਏ 8 ਪੋਸਟਰਾਂ ਅਤੇ ਵੀਡੀਓ ਫ਼ਿਲਮ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਪਰਾਲੀ ਦੀ ਸੁਚੱਜੀ ਵਰਤੋਂ ਦੇ ਵੱਖ-ਵੱਖ ਢੰਗਾਂ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ। ਉਨਾਂ ਪਰਾਲੀ ਦਾ ਸੁਚੱਜਾ ਪ੍ਰਬੰਧ ਕਰਨ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਵੱਖ-ਵੱਖ ਵਿਭਾਗਾ ਤੋਂ ਆਏ ਮਾਹਿਰਾ ਵੱਲੋ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਸ਼ਲਿੰਦਰ ਕੁਮਾਰ ਸਿੰਘ ਜਨਰਲ ਸੈਕਰਟਰੀ ਅਭੀਵਿਅਕਤੀ ਫ਼ਾਊਂਡੇਸ਼ਨ ਨੇ ਵਿਸ਼ੇਸ਼ ਤੋਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।