ਮੋਗਾ ਦੇ ਪਿ੍ਰੰਸਵਿੰਦਰ ਨੇ ਅਰਚਰੀ ਚੈਂਪੀਅਨਸ਼ਿੱਪ ਵਿੱਚ ਜਿੱਤਿਆ ਭਾਰਤ ਲਈ ਗੋਲਡ,ਐਮ.ਐਲ.ਏ. ਡਾ: ਹਰਜੋਤ ਕਮਲ ਨੇ ਵੀ ਦਿੱਤੀ ਵਧਾਈ
ਮੋਗਾ, 13 ਅਕਤੂਬਰ (ਜਸ਼ਨ): ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ 2018 ਜੋ ਕਿ ਸਾੳੂਥ ਅਫ਼ਰੀਕਾ ਵਿੱਚ ਚੱਲ ਰਹੀ ਹੈ, ਇਨਾਂ ਮੁਕਾਬਿਲਾਂ ਵਿੱਚ ਮੋਗਾ ਦੇ ਪਿ੍ਰੰਸਵਿੰਦਰ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜਿੱਥੇ ਆਪਣੇ ਜਿਲੇ ਮੋਗਾ ਦਾ ਨਾਮ ਰੋਸ਼ਨ ਕੀਤਾ ਉਥੇ ਹੀ ਭਾਰਤ ਦਾ ਨਾਮ ਵੀ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿ੍ਰੰਸਵਿੰਦਰ ਦੇ ਪਿਤਾ ਦਵਿੰਦਰ ਸਿੰਘ ਅਤੇ ਕੋਚ ਧਰਮਿੰਦਰ ਸੰਧੂ ਅਤੇ ਗਗਨ ਕੁਮਾਰ ਸਕੱਤਰ ਪੰਜਾਬ ਫੀਲਡ ਅਰਚਰੀ ਐਸੋਸ਼ੀਏਸ਼ਨ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਮੋਗਾ ਤੀਰ ਅੰਦਾਜੀ ਅਕੈਡਮੀ ਦਾ ਹੋਣਹਾਰ ਵਿਦਿਆਰਥੀ ਪਿ੍ਰੰਸਵਿੰਦਰ ਸਿੰਘ ਨੇ ਅੱਜ ਵਰਡ ਫੀਲਡ ਅਰਚਰੀ ਚੈਂਪੀਅਨਸ਼ਿੱਪ ਜਿਸ ਵਿੱਚ ਪੂਰੀ ਦੁਨੀਆਂ ਤੋਂ ਖਿਡਾਰੀਆਂ ਨੇ ਹਿੱਸਾ ਲਿਆ ਸੀ, ਉਸ ਵਿੱਚ ਸਭ ਤੋਂ ਜਿਆਦਾ ਅੰਕ ਹਾਸਿਲ ਕਰਕੇ ਗੋਲਡ ਮੈਡਲ ਜਿੱਤਿਆ। ਉਨਾਂ ਦੱਸਿਆ ਕਿ ਫਰਵਰੀ 2019 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਦ ਵੈਗਾਸ ਸ਼ੂਟ ਚੈਂਪੀਅਨਸ਼ਿੱਪ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਇਸ ਮੌਕੇ ਤੇ ਪਰਿਵਾਰ ਅਤੇ ਕੋਚ ਸਾਹਿਬਾਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਸ ਮੌਕੇ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪਿ੍ਰੰਸਵਿੰਦਰ ਸਿੰਘ ਦੀ ਇਸ ਜਿੱਤ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਉਨਾਂ ਦੇ ਹਲਕੇ ਮੋਗਾ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਪਿ੍ਰੰਸਵਿੰਦਰ ਸਿੰਘ ਦੀ ਇਸ ਜਿੱਤ ਨਾਲ ਹੋਰ ਵੀ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ ਅਤੇ ਪੰਜਾਬ ਸਰਕਾਰ ਵਲੋਂ ਸਟੇਟ ਸਪੋਰਟਸ ਅਵਾਰਡ 2018 ਤਹਿਤ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ ਹੈ, ਜਿਸ ਨਾਲ ਪੰਜਾਬ ਵਿੱਚ ਨਵੇਂ ਖਿਡਾਰੀ ਪ੍ਰਫੁੱਲਿਤ ਹੋਣਗੇ।