ਝੋਨੇ ਦੀ ਪਰਾਲੀ ਨਾ ਸਾੜਨ ਲਈ ਜਾਗਰੂਕਤਾ ਰੈਲੀ ਦਾ ਆਯੋਜਨ

ਕੋਟਕਪੂਰਾ, 13 ਅਕਤੂਬਰ (ਟਿੰਕੂ) :-ਜ਼ਿਲਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਾ: ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਐਨਐਸਐਸ ਯੂਨਿਟ 1 ਅਤੇ 2 ਦੇ ਵਲੰਟੀਅਰਾਂ ਦੀ ਝੋਨੇ ਦੀ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਪਿ੍ਰੰ. ਸਰਬਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਤੋਂ ਜਾਣੂ ਕਰਾਉਂਦਿਆਂ ਦੱਸਿਆ ਕਿ ਇਸ ਨਾਲ ਇਕੱਲਾ ਵਾਤਾਵਰਣ ਹੀ ਦੂਸ਼ਿਤ ਨਹੀਂ ਹੁੰਦਾ ਬਲਕਿ ਮਨੁੱਖੀ ਸਿਹਤ ਸਮੇਤ ਪਸ਼ੂ ਪੰਛੀ ਅਤੇ ਬਨਸਪਤੀ ਵੀ ਪ੍ਰਭਾਵਿਤ ਹੁੰਦੀ ਹੈ। ਲੈਕ. ਹਰਜੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਵੀ ਵਾਤਾਵਰਣ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਪਿ੍ਰੰਸੀਪਲ ਸੰਧੂ ਵੱਲੋਂ ਉਕਤ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਉਕਤ ਰੈਲੀ ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਰੇਲਵੇ ਸਟੇਸ਼ਨ ਅਤੇ ਮੁਕਤਸਰ ਰੋਡ ਸਮੇਤ ਵੱਖ-ਵੱਖ ਰਸਤਿਆਂ ਰਾਂਹੀ ਹੁੰਦੀ ਹੋਈ ਵਾਪਸ ਸਕੁੂਲ ਵਿਖੇ ਪੁੱਜੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਣਜੀਤ ਸਿੰਘ, ਬਲਜੀਤ ਸਿੰਘ, ਭਗੀਰਥ ਰਾਮ, ਅਵੀਨਿੰਦਰ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ ਫਿੱਡੂ ਆਦਿ ਸਮੇਤ ਸਮੂਹ ਸਟਾਫ ਦਾ ਭਰਪੂਰ ਸਹਿਯੋਗ ਰਿਹਾ।