ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਇੱਕ ਵਿਸ਼ਾਲ ਰੈਲੀ ਰਵਾਨਾ

ਫ਼ਿਰੋਜ਼ਪੁਰ 11 ਅਕਤੂਬਰ (ਸੰਦੀਪ ਕੰਬੋਜ ਜਈਆ) : ਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਸੰਜੇ ਕੁਮਾਰ ਆਈ.ਏ.ਐਸ. ਪੰਜਾਬ ਜੀ ਦੇ ਹੁਕਮਾਂ ਅਨੁਸਾਰ ਪਰਾਲੀ ਨਾ ਸਾੜਨ ਸਬੰਧੀ ਅਤੇ ਇਸ ਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਵੱਲੋਂ ਇੱਕ ਵਿਸ਼ਾਲ ਰੈਲੀ ਸ. ਭਗਤ ਸਿੰਘ ਸਟੇਡੀਅਮ ਤੋਂ ਰਵਾਨਾ ਹੋਈ, ਜਿਸ ਨੂੰ ਵਧੀਕ ਡਿਪਟੀ ਕਮਿਸ਼ਨਰ ਸ.ਰਵਿੰਦਰਪਾਲ ਸਿੰਘ ਸੰਧੂ ਅਤੇ ਹਲਕਾ ਇੰਚਾਰਜ ਗੁਰੂਹਰਸਹਾਏ ਨਸੀਬ ਸਿੰਘ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਦਫ਼ਤਰ ਫ਼ਿਰੋਜ਼ਪੁਰ ਤੋਂ ਸ੍ਰੀ ਸਾਵਣਦੀਪ ਸ਼ਰਮਾ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਕਿਸਾਨਾਂ  ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਇਸ ਤੋਂ ਪੈਦਾ ਹੋਏ ਧੂੰਏਂ ਨਾਲ ਕੈਂਸਰ ਅਤੇ ਸਾਹ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਲਈ ਸਾਨੂੰ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹੁਣੀ ਚਾਹੀਦੀ ਹੈ ਤਾਂ ਜੋ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇ। ਉਨ੍ਹਾਂ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੇ ਇਸ ਤਰ੍ਹਾਂ ਦੇ ਵਾਤਾਵਰਨ ਦੀ ਸੁਰੱਖਿਆ ਵਰਗੇ ਕੰਮਾਂ ਲਈ ਸ਼ਲਾਘਾ ਵੀ ਕੀਤੀ ਗਈ।  ਇਸ ਰੈਲੀ ਵਿੱਚ ਸ.ਸ.ਸ.ਸ.(ਲੜਕੇ), ਐਮ.ਐਲ.ਐਮ. ਸ.ਸ.ਸ., ਆਈ.ਟੀ.ਆਈ (ਲੜਕੀਆਂ) , ਦੇਵ ਸਮਾਜ ਸ.ਸ.ਸ.(ਲੜਕੀਆਂ)ਅਤੇ ਡੀ.ਏ.ਵੀ. ਸ.ਸ.ਸਕੂਲ (ਲੜਕੀਆਂ) ਦੇ ਲਗਭਗ 1000 ਵਲੰਟੀਅਰਜ਼ ਨੇ ਭਾਗ ਲਿਆ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਗਜੀਤ ਸਿੰਘ ਚਾਹਲ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਸੁਪਨਾ ਇਹ ਹੈ ਕਿ ਆਉਣ ਵਾਲੀਆਂ ਪੀੜੀਆਂ ਸਾਫ਼ ਸੁਥਰੀ ਹਵਾ ਵਿੱਚ ਸਾਹ ਲੈ ਸਕਣ ਅਤੇ ਪੰਜਾਬ ਦਾ ਚੁਗਿਰਦਾ ਚਾਰ-ਚੁਫੇਰੇ ਹਰਿਆਵਲ ਭਰਿਆ ਹੋਵੇ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਬਜਾਏ ਇਸ ਨੂੰ ਖੇਤਾਂ ਵਿੱਚ ਵਾਹੁਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਕਿਸਾਨਾਂ ਦੇ ਮਿੱਤਰ ਕੀੜੇ ਅਤੇ ਪੰਛੀ ਅੱਗ ਵਿੱਚ ਸੜ ਜਾਂਦੇ ਹਨ,  ਜਿਸ ਨਾਲ ਖੇਤੀ ਦੀ ਪੈਦਾਵਾਰ ਘਟਦੀ ਹੈ ਅਤੇ ਵਾਤਾਵਰਨ ਜ਼ਹਿਰੀਲੀਆਂ ਗੈਸਾਂ ਨਾਲ  ਪ੍ਰਦੂਸ਼ਿਤ ਹੋ ਜਾਂਦਾ ਹੈ । ਇਸ ਨਾਲ ਸਾਹ ਘੁੱਟਣ ਅਤੇ ਦਮਾਂ ਵਰਗੀਆਂ ਬਿਮਾਰੀਆਂ ਨਾਲ ਸਰੀਰ ਜਕੜਿਆਂ ਜਾਂਦਾ ਹੈ। ਇਸ ਮੌਕੇ ਹਲਕਾ ਇੰਚਾਰਜ ਗੁਰੂਹਰਸਹਾਏ ਨਸੀਬ ਸਿੰਘ  ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਦੇ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਹੀ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾ ਸਕਦਾ ਹੈ ਕਿਉਂਕਿ ਨੌਜਵਾਨ ਹੀ ਸਮਾਜ ਨੂੰ ਬਦਲ ਸਕਦੇ ਹਨ। ਰੈਲੀ ਦੀ ਰਵਾਨਗੀ ਤੋਂ ਪਹਿਲਾਂ ਸ. ਮਨਜੀਤ ਸਿੰਘ ਪ੍ਰੋਗਰਾਮ ਅਫ਼ਸਰ ਸ.ਸ.ਸ.ਸਕੂਲ(ਲੜਕੇ) ਵੱਲੋਂ ਸਾਰੇ ਨੌਜਵਾਨਾਂ ਨੂੰ ਆਪਣੇ-ਆਪਣੇ ਮਾਤਾ-ਪਿਤਾ, ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਪਰਾਲੀ ਨਾ ਸਾੜਨ ਤੋਂ ਰੋਕਣ ਦੀ ਸਹੁੰ ਚੁਕਾਈ ਗਈ ਅਤੇ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਵੀ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ। ਇਹ ਰੈਲੀ ਸਟੇਡੀਅਮ ਤੋਂ ਰਵਾਨਾ ਹੋ ਕੇ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਫਿਰ ਵਾਪਸ ਸਟੇਡੀਅਮ ਪਹੁੰਚੀ। ਇਸ ਰੈਲੀ ਵਿੱਚ ਨੌਜਵਾਨਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਅਤੇ ਇਸ ਦੇ ਨਾ ਸਾੜਨ ਦੇ ਫ਼ਾਇਦੇ ਦੱਸਦੇ ਹੋਏ ਨਾਅਰੇ ਲਗਾਏ ਗਏ।