ਮਹਾਰਾਜਾ ਅਗਰਸੇਨ ਨੇ ਲੋਕ ਹਿਤੈਸ਼ੀ ਰਾਜ ਦੀ ਨੀਂਹ ਰੱਖੀ - ਵਿਨੋਦ ਬਾਂਸਲ

ਮੋਗਾ,10 ਅਕਤੂਬਰ (ਜਸ਼ਨ): ਅੱਜ ਮੋਗਾ ਵਿਖੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਵਿਨੋਦ ਬਾਂਸਲ ਦੀ ਅਗਵਾਈ ਵਿਚ ਅਗਰਵਾਲ ਸਮਾਜ ਨੇ ਅਗਰਸੇਨ ਜੇਅੰਤੀ ਮੌਕੇ ਸਾਦਾ ਸਮਾਗਮ ਕਰਵਾਇਆ । ਇਸ ਮੌਕੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਤੋਂ ਇਲਾਵਾ ਡਾ: ਅਜੇ ਕਾਂਸਲ ਜ਼ਿਲਾ ਪ੍ਰਧਾਨ ਅਗਰਵਾਲ ਸਭਾ, ਗੋਵਰਧਨ ਬਾਂਸਲ ਸ਼ਹਿਰੀ ਪ੍ਰਧਾਨ,ਵਿਕਾਸ ਬਾਂਸਲ,ਮਨਮੋਹਨ ਮਿੱਤਲ,ਵੇਦ ਵਿਆਸ ਕਾਂਸਲ,ਸੁਰਿੰਦਰ ਕਾਂਸਲ ,ਮੋਹਨ ਲਾਲ ਗਰਗ,ਰਾਜੀਵ ਗੁਪਤਾ,ਪਿ੍ਰਆਭਰਤ ਗੁਪਤਾ, ਡੀ ਐੱਨ ਮਿੱਤਲ ,ਰਾਜ ਕੁਮਾਰ ,ਅਸ਼ਵਨੀ ਗੁਪਤਾ,ਜਵਾਲਾ ਪ੍ਰਸ਼ਾਦ ਬਾਂਸਲ,ਲੇਖ ਰਾਜ ,ਵਿਜੇ ਸਿੰਗਲਾ,ਵਿਜੇ ਅਗਰਵਾਲ, ਪੰਕਜ ਮਿੱਤਲ,ਚਮਨ ਲਾਲ ਗੋਇਲ, ਪ੍ਰਵੀਨ ਗਰਗ ਆਦਿ  ਨੇ ਮਹਾਰਾਜਾ ਅਗਰਸੇਨ ਦੀ ਤਸਵੀਰ ’ਤੇ ਫੁੱਲ ਮਾਲਾ ਅਰਪਿਤ ਕੀਤੀ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਮਹਾਰਾਜਾ ਅਗਰਸੇਨ ਇਕ ਮਹਾਨ ਭਾਰਤੀ ਰਾਜਾ ਸੀ ਜਿਹਨਾਂ ਨੇ ਉੱਤਰ ਭਾਰਤ ਦੇ ਸਮੂਹ ਅਗਰਵਾਲ ਸਮਾਜ ਨੂੰ ਵਪਾਰ ਕਰਨ ਦੀ ਜਾਚ ਸਿਖਾਈ । ਵਿਨੋਦ ਬਾਂਸਲ ਨੇ ਕਿਹਾ ਕਿ ਜਾਨਵਰਾਂ ਦੀ ਯੱਗਾਂ ਦੌਰਾਨ ਬਲੀ ਦੇਣਾ ਉਸ ਸਮੇਂ ਦੀ ਵੱਡੀ ਬੁਰਾਈ ਸੀ ਜਿਸ ’ਤੇ ਸੂਰਿਯਾਵੰਸ਼ੀ ਰਾਜਾ ਅਗਰਸੇਨ ਨੇ ਅੰਕੁਸ਼ ਲਗਾਇਆ ਅਤੇ ਜੀਵ ਹੱਤਿਆ ਖਤਮ ਕਰਨ ਅਤੇ ਉਹਨਾਂ ਪ੍ਰਤੀ ਦਿਆਲੂ ਹੋਣ ਦੀ ਪ੍ਰੇਰਨਾ ਕੀਤੀ। ਉਹਨਾਂ ਕਿਹਾ ਕਿ ਮਹਾਰਾਜਾ ਅਗਰਸੇਨ ਦੀਆਂ ਸਿੱਖਿਆਵਾਂ ਅਤੇ ਸਮਾਜ ਵਿਚ ਸ਼ਾਂਤੀ ਦਾ ਸੰਦੇਸ਼ ਦੇਣ ਹਿਤ ਭਾਰਤ ਸਰਕਾਰ ਨੇ 1976 ਵਿਚ ਉਹਨਾਂ ਦੇ ਨਾਮ ਦਾ ਟਿਕਟ ਵੀ ਜਾਰੀ ਕੀਤਾ ਸੀ । ਉਹਨਾਂ ਕਿਹਾ ਕਿ ਅਗਰਵਾਲ ਸਮਾਜ ਨੂੰ ਅਗਰਸੇਨ ਦੇ ਵੰਸ਼ਜ ਮੰਨਿਆ ਜਾਂਦਾ ਹੈ।  ਉਹਨਾਂ ਆਖਿਆ ਕਿ ਅਗਰਸੇਨ ਮਹਾਰਾਜ ਨੇ ‘ਇਕ ਇੱਟ ਅਤੇ ਇਕ ਰੁਪਏ ਦੇ ਸਿਧਾਂਤ ਦੀ ਘੋਸ਼ਣਾ ਕਰਕੇ ਨਗਰ ਵਿਚ ਆਉਣ ਵਾਲੇ ਨਵੇਂ ਪਰਿਵਾਰ ਨੂੰ ਪਹਿਲਾਂ ਤੋਂ ਰਹਿ ਰਹੇ ਪਰਿਵਾਰਾਂ ਵੱਲੋਂ ਇਕ ਇੱਟ ਅਤੇ ਇੱਕ ਰੁਪਇਆ ਦੇਣ ਦੀ ਘੋਸ਼ਣਾ ਕੀਤੀ ਤਾਂ ਕਿ ਉਹ ਪਰਿਵਾਰ ਇੱਟਾਂ ਨਾਲ ਆਪਣਾ ਘਰ ਪਾ ਸਕੇ ਅਤੇ ਰੁਪਇਆਂ ਨਾਲ ਆਪਣਾ ਵਪਾਰ ਕਰ ਸਕੇ। ਉਹਨਾਂ ਆਖਿਆ ਕਿ ਅਜੋਕੇ ਸਮੇਂ ਵਿਚ ਸਿਆਸੀ ਆਗੂਆਂ ਨੂੰ ਮਹਾਰਾਜਾ ਅਗਰਸੇਨ ਜੀ ਦੇ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ ਤਾਂ ਹੀ ਭਾਰਤੀ ਲੋਕਤੰਤਰ ਵਿਚ ਮਜਬੂਤੀ ਆ ਸਕੇਗੀ।