ਵਿਸ਼ਵ ਅਧਿਆਪਕ ਦਿਵਸ 'ਤੇ ਸਮਾਜ ਕਾਲਜ ਵਿਖੇ ਸਮਾਗਮ ਦਾ ਆਯੋਜਨ ,136 ਸਿੱਖਿਆ ਨਾਲ ਸਬੰਧਿਤ ਸ਼ਖ਼ਸੀਅਤਾਂ ਦਾ ਕੀਤਾ ਗਿਆ ਸਨਮਾਨ

ਫ਼ਿਰੋਜ਼ਪੁਰ ,10 ਅਕਤੂਬਰ  (ਸੰਦੀਪ ਕੰਬੋਜ ਜਈਆ ) :  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਸ੍ਰ. ਨੇਕ ਸਿੰਘ ਦੀ ਅਗਵਾਈ ਹੇਠ  ਸਿੱਖਿਆ ਵਿਭਾਗ ਅਤੇ ਰੋਟਰੀ ਕਲੱਬ ਫ਼ਿਰੋਜ਼ਪੁਰ ਛਾਉਣੀ ਵੱਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਦੇਵ ਸਮਾਜ ਕਾਲਜ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਰਵਿੰਦਰਪਾਲ ਸਿੰਘ ਸੰਧੂ ਨੇ ਸ਼ਿਰਕਤ ਕੀਤੀ।ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰਪਾਲ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਧਿਆਪਕਾਂ ਦਾ ਸਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਦੱਸੇ ਗੁਣਾਂ ਨੂੰ ਅਪਣਾ ਕੇ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕ ਵਧੀਆ ਮੁਕਾਮ ਹਾਸਲ ਕਰਦੇ ਹਾਂ ਅਤੇ ਅਧਿਆਪਨ ਦਾ ਕਿੱਤਾ ਬਹੁਤ ਹੀ ਪਵਿੱਤਰ ਹੈ ਅਤੇ ਅਧਿਆਪਕ ਦਾ ਦਰਜਾ ਬਹੁਤ ਉੱਚਾ ਹੈ ਤੇ ਇਸ ਨੂੰ ਗੁਰੂ ਦਾ ਸਥਾਨ ਪ੍ਰਾਪਤ ਹੈ। ਇੱਕ ਅਧਿਆਪਕ ਹੀ ਹੈ ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੀ ਮਨਚਾਹੀ ਮੰਜ਼ਿਲ ਤੇ ਪਹੁੰਚ ਸਕਦੇ ਹਾਂ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਨੇ ਕਿਹਾ ਕਿ  ਮਿਹਨਤੀ, ਲਗਨ, ਚੁਸਤ-ਦਰੁਸਤ ਸਿੱਖਿਆ ਜਗਤ ਦੀਆਂ ਸ਼ਖ਼ਸੀਅਤਾਂ ਜਿਨ੍ਹਾਂ ਦਾ ਸਿੱਖਿਆ ਜਗਤ ਵਿਚ ਕਾਫ਼ੀ ਯੋਗਦਾਨ ਹੈ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਖੇਡਾਂ, ਸਮਾਜ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਵਿਦਿਆਰਥੀਆਂ ਦੂਸਰਿਆਂ ਲਈ ਮੀਲ ਪੱਥਰ ਸਾਬਤ ਹੋ ਰਹੇ ਅਤੇ ਇਨ੍ਹਾਂ ਦੇ ਦੱਸੇ ਰਾਹ ਤੇ ਚੱਲ ਕੇ ਸਾਨੂੰ ਵੀ ਖੇਡਾਂ ਅਤੇ ਪੜ੍ਹਾਈ ਪੱਖੋਂ ਅੱਗੇ ਵਧਣਾ ਚਾਹੀਦਾ ਹੈ। ਇਸ ਉਪਰੰਤ ਪ੍ਰਧਾਨ ਅਭਿਮੰਨਯੂ ਦਿਓੜਾ ਪ੍ਰਧਾਨ ਰੋਟਰੀ ਕਲੱਬ ਨੇ ਕਿਹਾ ਕਿ ਅਸੀਂ ਇਸ ਦਿਨ ਸਾਰੀਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦੇ ਹਾਂ। ਇਸ ਦੇ ਨਾਲ-ਨਾਲ ਰੋਟਰੀ ਕਲੱਬ ਵੱਲੋਂ ਵੀ 13 ਅਧਿਆਪਕਾਂ ਨੂੰ ਨੈਸ਼ਨਲ ਬਿਲਡਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਵਧੀਆਂ ਭੂਮਿਕਾ ਨਿਭਾਉਣ ਵਾਲੇ ਪ੍ਰਿੰਸੀਪਲ, ਡੀ.ਐਮ/ਬੀ.ਐੱਮ ਸਮੇਤ 136 ਸਿੱਖਿਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਾਜੇਸ਼ ਮਹਿਤਾ, ਪ੍ਰਿੰਸੀਪਲ ਬੀ.ਐਡ ਕਾਲਜ ਬਲਵਿੰਦਰ ਕੌਰ ਚੀਮਾ, ਪ੍ਰਿੰਸੀਪਲ ਜਗਦੀਪ ਪਾਲ ਸਿੰਘ, ਰਾਕੇਸ਼ ਸ਼ਰਮਾ, ਸੁਰਿੰਦਰਪਾਲ ਕੌਰ, ਸ੍ਰੀਮਤੀ ਸਤਿੰਦਰਜੀਤ ਕੌਰ, ਕਮਲ ਸ਼ਰਮਾ ਸਾਇੰਸ ਮਾਸਟਰ ਅਤੇ ਰੋਟਰੀ ਕਲੱਬ ਮੈਂਬਰਜ਼ ਸ੍ਰੀ ਹਰਵਿੰਦਰ ਘਈ, ਅਨਿਲ ਸੂਦ, ਗੁਲਸ਼ਨ ਸਚਦੇਵਾ ਅਤੇ ਕਪਿਲ ਟੰਡਨ ਆਦਿ ਹਾਜ਼ਰ ਸਨ।