ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਕਮਰਕੱਸੇ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਣੇ ਚੋਣ ਮਨੋਰਥ ਪੱਤਰ ਕਮੇਟੀ ਦੇ ਮੈਂਬਰਾਂ ਵੱਲੋਂ ਚੇਨਈ ਵਿੱਚ ਖੇਤੀਬਾੜੀ ਨਾਲ ਸਬੰਧਤ ਮਸਲਿਆਂ ’ਤੇ ਵਿਚਾਰਾਂ

ਚੰਡੀਗੜ/ਬਠਿੰਡਾ, 9 ਅਕਤੂਬਰ(ਪੱਤਰ ਪਰੇਰਕ)-    2019 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪੱਖੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵੱਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵੱਲੋਂ ਅੱਜ ਚੇਨੱਈ ਵਿੱਚ ਬੈਠਕ ਕੀਤੀ ਗਈ। ਕਾਂਗਰਸ ਦੀ ਚੋਣ ਮਨੋਰਥ ਪੱਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਮਹਾਰਾਸ਼ਟਰ ਤੋਂ ਸੰਸਦ ਮੈਂਬਰ ਸ੍ਰੀਮਤੀ ਰਜਨੀ ਪਾਟਿਲ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ (ਟੀਐਨਸੀਸੀ) ਦੇ ਪ੍ਰਧਾਨ ਸ੍ਰੀ ਐਸ. ਥਿਰੂਨਾਵੂਕਰਾਸਰ ਨੇ ਇਸ ਬੈਠਕ ਦੌਰਾਨ ਕਈ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਮੀਡੀਆ ਨੂੰ ਸੰਬੋਧਨ ਕੀਤਾ। ਵਿੱਤ ਮੰਤਰੀ ਦੇ ਮੀਡੀਆ ਬੁਲਾਰੇ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਰੱਖਿਆ, ਸਾਬਕਾ ਫੌਜੀਆਂ, ਖੇਤੀਬਾੜੀ ਅਤੇ ਸੀਨੀਅਰ ਸਿਟੀਜਨ ਸਬੰਧੀ ਮਸਲਿਆਂ ’ਤੇ ਸੰਜੀਦਗੀ ਨਾਲ ਚਰਚਾ ਕੀਤੀ ਜਾਵੇਗੀ। ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਇਸ ਕਮੇਟੀ ਦੇ ਹੋਰ ਮੈਂਬਰਾਂ ਵੱਲੋਂ ਅੱਜ ਚੇਨੱਈ ਵਿੱਚ ਹੋਈ ਮੀਟਿੰਗ ਵਿੱਚ ਖੇਤੀਬਾੜੀ ਤੇ ਫਸਲਾਂ ਦੇ ਢੁਕਵੇਂ ਮੰਡੀਕਰਨ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ 10 ਅਕਤੂਬਰ, 2018 ਨੂੰ ਇਨਾਂ ਕਮੇਟੀ ਮੈਂਬਰਾਂ ਵੱਲੋਂ  ਹੈਦਰਾਬਾਦ (ਤਿਲੰਗਾਨਾ) ਵਿਖੇ ਖੇਤੀਬਾੜੀ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਤੋਂ ਬਾਅਦ ਕਮੇਟੀ ਵੱਲੋਂ 11 ਅਕਤੂਬਰ ਨੂੰ ਪੁਣੇ (ਮਹਾਰਾਸਟਰ) ਅਤੇ 12 ਅਕਤੂਬਰ ਨੂੰ ਬੰਗਲੌਰ (ਕਰਨਾਟਕ) ਵਿੱਚ ਰੱਖਿਆ, ਸਾਬਕਾ ਫੌਜੀਆਂ ਅਤੇ ਸੀਨੀਅਰ ਸਿਟੀਜਨਜ ਦੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਚਰਚਾ ਕੀਤੀ ਜਾਵੇਗੀ। ਗੌਰਤਲਬ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਚੰਡੀਗੜ ਦੇ ਕਿਸਾਨ ਭਵਨ ਵਿੱਚ ਖੇਤੀਬਾੜੀ, ਸਾਬਕਾ ਫੌਜੀਆਂ, ਰੱਖਿਆ ਅਤੇ ਸੀਨੀਅਰ ਸਿਟੀਜਨਜ਼ ਦੇ ਮਸਲਿਆਂ ਬਾਰੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਸੀ।