ਕੱਚੇ ਮੁਲਾਜ਼ਮ ਖਾਲੀ ਬਰਤਨ ਤੇ ਬਚਿਆ ਰਾਸ਼ਨ 13 ਅਕਤੂਬਰ ਨੂੰ ਖਜ਼ਾਨਾ ਮੰਤਰੀ ਦੇ ਘਰ ਪਿੰਡ ਬਾਦਲ ਲੈ ਕੇ ਜਾਣਗੇ
ਮਿਤੀ 9 ਅਕਤੂਬਰ 2018(ਚੰਡੀਗੜ੍ਹ) 30 ਸਤੰਬਰ ਨੂੰ ਬੱਚਿਆ ਨਾਲ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਬਾਹਰ ਕੀਤੇ ਐਕਸ਼ਨ ਦੋਰਾਨ ਮੀਟਿੰਗ ਲਈ ਦਿੱਤੇ ਸਮੇਂ ਅਨੁਸਾਰ ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਵਫਦ ਦੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਹੋਈ।ਮੀਟਿੰਗ ਦੋਰਾਨ ਮੰਤਰੀ ਨੂੰ ਕੀਤੇ ਵਾਅਦੇ ਤੇ ਸਵਾਲ ਕਰਦੇ ਹੋਏ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਅਜੇ ਤੱਕ ਪੂਰਾ ਨਹੀ ਹੋਇਆ ਅਤੇ 18 ਮਹੀਨਿਆ ਦੋਰਾਨ ਮੁੱਖ ਮੰਤਰੀ ਵੱਲੋਂ ਇਕ ਵੀ ਮੀਟਿੰਗ ਮੁਲਾਜ਼ਮਾਂ ਨਾਲ ਨਹੀ ਕੀਤੀ ਗਈ ਅਤੇ ਨਾ ਹੀ ਮੁਲਾਜ਼ਮਾਂ ਦੀਆ ਹੱਕੀ ਮੰਗਾਂ ਤੇ ਕੋਈ ਫੈਸਲਾ ਲਿਆ ਗਿਆ ਹੈ ਅਤੇ ਉਲਟਾ ਪੰਜਾਬ ਦੀ ਕੈਬਿਨਟ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ ਹੈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਵਰਿੰਦਰ ਸਿੰਘ, ਮਨਸੇ ਖਾ, ਰਜਿੰਦਰ ਸਿੰਘ ਸੰਧਾ, ਸਿਮਰਨ ਸਿੰਘ, ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਮੰਤਰੀ ਸਾਹਿਬ ਮਜ਼ਬੂਰ ਦਿਸੇ ਅਤੇ ਮੁਲਾਜ਼ਮਾਂ ਦੀ ਕਿਸੇ ਵੀ ਗੱਲ ਦਾ ਠੋਸ ਹੱਲ ਨਾ ਦੇ ਸਕੇ। ਆਗੂਆ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦਾ ਸਬਰ ਪਰਖ ਰਹੀ ਹੈ ਅਤੇ ਮੁਲਾਜ਼ਮ ਸਰਕਾਰ ਤੋਂ ਮੰਗਾਂ ਮੰਨਵਾ ਕੇ ਰਹਿਣਗੇ। ਆਗੂਆ ਨੇ ਐਲਾਨ ਕੀਤਾ ਕਿ 13 ਅਕਤੂਬਰ ਨੂੰ ਕੱਚੇ ਮੁਲਾਜ਼ਮ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਿੱਜੀ ਘਰ ਪਿੰਡ ਬਾਦਲ ਵਿਖੇ ਇਕੱਠੇ ਹੋ ਕੇ ਜਾਣਗੇ ਅਤੇ ਆਪਣੇ ਘਰ ਦੇ ਖਾਲੀ ਬਰਤ ਅਤੇ ਘਰ ਵਿਚ ਬਚਿਆ ਰਾਸ਼ਨ ਵਿੱਤ ਮੰਤਰੀ ਨੂੰ ਦੇ ਕੇ ਆਉਣਗੇ। ਆਗੂਆ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਅਤੇ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਕੱਚੇ ਮੁਲਾਜ਼ਮ ਰਾਜਸਥਾਨ ਵਿਖੇ ਹੋ ਰਹੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆ ਮੁਲਾਜ਼ਮ ਮਾਰੂ ਨੀਤੀਆ ਅਤੇ ਵੋਟਾਂ ਦੋਰਾਨ ਕੀਤੇ ਝੂਠੇ ਵਾਅਦਿਆ ਦੀ ਪੋਲ ਖੋਲਣ ਲਈ ਰਾਜਸਥਾਨ ਵਿਖੇ ਜਾਣਗੇ।