ਵਿਧਾਇਕ ਡਾ: ਹਰਜੋਤ ਨੂੰ ਖੂਨ ਭੇਂਟ ਕਰਕੇ ਕੀਤਾ ਰੋਹ ਦਾ ਪ੍ਰਗਟਾਵਾ ,ਆਗੂਆਂ ਦੀਆਂ ਮੁੱਅਤਲੀਆਂ ਤੋਂ ਭੜਕੇ ਐੱਸ ਐੱਸ ਏ ਰਮਸਾ ਅਧਿਆਪਕ
ਮੋਗਾ,9 ਅਕਤੂਬਰ (ਜਸ਼ਨ): ਪੰਜਾਬ ਕੈਬਨਿਟ ਦੁਆਰਾ ਐੱਸ.ਐੱਸ.ਏ/ਰਮਸਾ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ ਤੇ 65% ਤੋ 75% ਤੱਕ ਕਟੌਤੀ ਕਰਨ ਦੇ ਫੈਸਲੇ ਦੇ ਖਿਲਾਫ ਅਤੇ ਪੂਰੀਆਂ ਤਨਖਾਹਾਂ ਤੇ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ 7 ਅਕਤੂਬਰ ਤੋ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਸ਼ੁਰੂ ਕੀਤੇ ਪੱਕੇ ਮੋਰਚੇ ਅਤੇ ਮਰਨ ਵਰਤ ਦੇ ਚੱਲ ਰਹੇ ਜਬਰਦਸਤ ਸੰਘਰਸ਼ ਉਪਰੰਤ ਪੰਜਾਬ ਸਰਕਾਰ ਨੇ ਪੰਜ ਐੱਸ.ਐੱਸ.ਏ/ਰਮਸਾ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ।ਅਧਿਆਪਕ ਆਗੂਆਂ ਦੀਆਂ ਸਸਪੈਂਸ਼ਨਾ ਤੋ ਭੜਕੇ ਅਧਿਆਪਕਾਂ ਨੇ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਹੈੱਡਕੁਆਟਰ ਤੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਖੂਨ ਦੀਆਂ ਬੋਤਲਾ ਭੇਂਟ ਕਰਕੇ ਮੁਅੱਤਲੀ ਆਦੇਸ਼ਾ ਦੀਆਂ ਕਾਪੀਆਂ ਫੂਕੀਆਂ। ਇਸ ਮੌਕੇ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਦਿਗਵਿਜੇਪਾਲ ,ਕੇਵਲ ਸਿੰਘ, ,ਕੋ-ਕਨਵੀਨਰ ਜੱਜਪਾਲ ਬਾਜੇਕੇ,ਅਮਰਦੀਪ ਸਿੰਘ ਅਤੇ ਗੁਰਮੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਨਾਲ ਜਬਰ ਅਤੇ ਧੱਕੇਸ਼ਾਹੀ ਕਰ ਰਹੀ ਹੈ ਜਿਸ ਤਹਿਤ ਪਹਿਲਾ ਧੱਕਾ ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਲਾ ਕੇ ਕੀਤਾ ਹੈ, ਉੱਥੇ ਹੀ ਸ਼ਾਤਮਈ ਆਪਣਾ ਹੱਕ ਮੰਗ ਰਹੇ ਅਧਿਆਪਕਾਂ ਨੂੰ ਮੁਅੱਤਲ ਕਰ ਕੇ ਸਰਕਾਰ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ।ਪਰ ਪੰਜਾਬ ਦੇ ਜੁਝਾਰੂ ਲੋਕ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰ ਦੇ ਫੈਸਲੇ ਦਾ ਡੱਟਵਾਂ ਵਿਰੋਧ ਕਰਨਗੇ। ਇਸ ਮੌਕੇ ਬੋਲਦਿਆਂ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਬੀ.ਐੱਡ ਅਧਿਆਪਕ ਫਰੰਟ ਤੋ ਪ੍ਰਗਟਜੀਤ ਕਿਸ਼ਨਪੁਰਾ, ਗੁਰਮੀਤ ਸਿੰਘ ਢੋਲੇਵਾਲਾ ,ਈ.ਟੀ.ਟੀ ਯੂਨੀਅਨ ਤੋ ਮਨਮੀਤ ਸਿੰਘ,ਮਾਸਟਰ ਕਾਡਰ ਯੂਨੀਅਨ ਤੋ ਬਲਜ਼ਿੰਦਰ ਸਿੰਘ ਧਾਲੀਵਾਲ,ਸਿੱਖਿਆ ਪ੍ਰੋਵਾਈਡਰ ਯੂਨੀਅਨ ਤੋ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਅਧਿਆਪਕ ਮੁਅੱਤਲ ਕਰਕੇ ਸਾਡੇ ਸਿਦਕ ਨੂੰ ਪਰਖ ਰਹੀ ਹੈ,ਪਰ ਪੰਜਾਬ ਦੇ ਲੋਕ ਸਿਦਕ ਦੇ ਪੱਕੇ ਹਨ ਅਤੇ ਉਹ ਸਰਕਾਰ ਦੇ ਇਸ ਜ਼ੁਲਮ ਅੱਗੇ ਝੁਕਣ ਵਾਲੇ ਨਹੀਂ ਸਗੋਂ ਹੋਰ ਦੂਣ-ਸਵਾਏ ਹੋ ਕੇ ਆਪਣੇ ਹੱਕਾਂ ਲਈ ਲੜਾਈ ਜਾਰੀ ਰੱਖਣਗੇ ਭਾਵੇਂ ਸਰਕਾਰ ਉਹਨਾਂ ਨੂੰ ਜੇਲਾਂ ਵਿੱਚ ਡੱਕ ਦੇਵੇ।ਉਹਨਾਂ ਕਿਹਾ ਕਿ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਵਿੱਚ ਮੋਗਾ ਜ਼ਿਲ੍ਹਾ ਦੇ ਅਧਿਆਪਕ ਆਪਣੀ ਸ਼ਮੂਲੀਅਤ ਜੱਥਿਆਂ ਦੇ ਰੂਪ ਵਿੱਚ ਕਰਦੇ ਰਹਿਣਗੇ ਅਤੇ ਹੱਕਾਂ ਦੀ ਪੂਰਤੀ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਤਰਸੇਮ ਸਿੰਘ ਅਧਿਆਪਕ ਦਲ, ਸੁਖਜ਼ਿੰਦਰ ਸਿੰਘ,ਨਵਦੀਪ ਬਾਜਵਾ,ਬਲਜੀਤ ਰਾਏ,ਗਰੁਵਿੰਦਰ ਮਹਿਲ,ਸੁਖਜ਼ਿੰਦਰ ਜੋਸਨ,ਪਿ੍ਰਤਪਾਲ ਸਿੰਘ,ਮੈਡਮ ਨੀਲਮ,ਸੋਨੀਆ,ਸਿਮਰਨ,ਸੋਨੀਆ ਕਾਲੀਆ ਵਾਲਾ ਆਦਿ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।