ਪੰਜਾਬ ਪੁਲਸ ਦੇ ਇੰਸਪੈਕਟਰ ਸਮੇਤ ਚਾਰ ‘ਤੇ ਚੂਰਾ ਪੋਸਤ ਖੁਰਦ-ਬੁਰਦ ਕਰਨ ’ਤੇ ਮਾਮਲਾ ਦਰਜ

ਮੋਗਾ,9 ਅਕਤੂਬਰ (ਜਸ਼ਨ)- ਤਸਕਰਾਂ ਤੋਂ ਬਰਾਮਦ ਕੀਤੇ ਗਏ ਚੂਰਾ ਪੋਸਤ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਚ ਐਸ.ਟੀ.ਐਫ ਨੇ ਵੱਡੀ ਕਾਰਵਾਈ ਕਰਦਿਆ ਇੰਸਪੈਕਟਰ ਸਮੇਤ ਚਾਰ ਪੁਲਿਸ ਕਰਮੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਹਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਦੇ ਥਾਣਾ ਬੱਧਨੀ ਕਲਾਂ ਵਿਖੇ ਤਾਇਨਾਤ ਰਹੇ ਇੰਸਪੈਕਟਰ ਗੁਰਪਿਆਰ ਸਿੰਘ ਵੱਲੋਂ ਤਸਕਰਾਂ ਤੋਂ ਵੱਡੀ ਮਾਤਰਾ ਵਿਚ ਚੂਰਾ ਪੋਸਤ ਫੜਿਆ ਸੀ, ਪ੍ਰੰਤੂ ਉਸਨੂੰ ਬਾਅਦ ਵਿਚ ਖੁਰਦ ਬੁਰਦ ਕਰ ਦਿੱਤਾ। ਪਿੰਡ ਰਾੳੂਕੇ ਦੇ ਵਾਸੀ ਜਸਵੰਤ ਸਿੰਘ ਪੱਪੀ,ਸੁਰਜੀਤ ਸਿੰਘ ਮੀਤਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਇੰਸਪੈਕਟਰ ਨੇ ਤਸਕਰਾਂ ਤੋਂ 15 ਬੋਰੀਆਂ ਚੂਰਾ ਪੋਸਤ ਫੜਿਆ ਸੀ, ਪਰ ਬਾਅਦ ਵਿਚ ਤਿੰਨ ਕੁਇੰਟਲ ਪਸ਼ੂਆਂ ਦੀ ਫੀਡ  ਉਸ ਚੂਰਾ ਪੋਸਤ ਵਿਚ ਮਿਲਾ ਦਿੱਤੀ ਅਤੇ ਬਰਾਬਰ ਵਜ਼ਨ ਦਾ ਪੋਸਤ ਕੱਢ ਲਿਆ । ਐਸ.ਟੀ.ਐਫ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਕੀਤੀ ਗਈ ਪੜਤਾਲ ਦੌਰਾਨ ਇੰਸਪੈਕਟਰ ਤੇ ਲੱਗੇ ਦੋਸ਼ ਸਹੀ ਪਾਏ ਗਏ ਅਤੇ  ਇੰਸਪੈਕਟਰ ਗੁਰਪਿਆਰ ਸਿੰਘ, ਹੌਲਦਾਰ ਰੇਸ਼ਮ ਸਿੰਘ , ਹੌਲਦਾਰ ਲਾਲ ਸਿੰਘ ਅਤੇ ਸਿਪਾਹੀ ਗੁਰਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦਸਿਆ ਕਿ ਏ ਆਈ ਜੀ ਵਲੋਂ  ਭੇਜੀ ਫਾਈਲ ਮੁਤਾਬਕ ਪਰਵਿੰਨਸ਼ਨ ਆਫ਼ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।