ਡਰੋਲੀ ਭਾਈ ਦੇ ਜੋਤੀ ਜੋਤ ਦਿਵਸ ‘ਤੇ ਪੰਜ ਰੋਜ਼ਾ ਗੁਰਮਤਿ ਸਮਾਗਮ ਹੋਇਆ,13 ਰੋਜ਼ਾ ਮੁਫਤ ਡਾਕਟਰੀ ਕੈਂਪ ‘ਚ 11 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਨਿਰੀਖਣ

ਮੋਗਾ , 9 ਅਕਤੂਬਰ (ਜਸ਼ਨ): ਮੋਗਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਛੇਵੀਂ ਸੱਤਵੀਂ ਨੌਵੀਂ ਵਿਖੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਦਿਵਸ, ਭਾਈ ਸਾਹਿਬ ਭਾਈ ਘਨ੍ਹਈਆ ਜੀ ਦੀ 300 ਸਾਲਾ ਅਕਾਲ ਚਲਾਣਾ ਸ਼ਤਾਬਦੀ ਅਤੇ ਕੌਮੀ ਸਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਦੇ ਜਨਮ ਦਿਵਸ ਨੂੰ ਸਮਰਪਿਤ ਪੰਜ ਰੋਜ਼ਾ ਮਹਾਨ ਗੁਰਮਤਿ ਸਮਾਗਮ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੱਤਰ ਛਾਇਆ ਅਤੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਸਜੇ ਗੁਰਮਤਿ ਸਮਾਗਮਾਂ ਚ ਸਮੇਂ ਸਮੇਂ ਸਿਰ ਭਾਈ ਪਿਆਰਾ ਸਿੰਘ, ਭਾਈ ਜਗਰੂਪ ਸਿੰਘ, ਭਾਈ ਮੇਹਰ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਮਹਿਤਾਬ ਸਿੰਘ ਦੇ ਜਥਿਆਂ ਵੱਲੋਂ ਗੁਰ ਸ਼ਬਦ ਕੀਰਤਨ ਕੀਤਾ ਜਾਂਦਾ ਰਿਹਾ ਅਤੇ ਬਾਬਾ ਸੁਰਿੰਦਰ ਸਿੰਘ ਨਾਨਕਸਰ, ਪੰਥ ਪ੍ਰਸਿੱਧ ਵਿਦਵਾਨ ਢਾਡੀ ਗਿਆਨੀ ਬਲਵੰਤ ਸਿੰਘ ਆਜ਼ਾਦ, ਗਿਆਨੀ ਕੁਲਵੰਤ ਸਿੰਘ ਪੰਡੋਰੀ, ਗਿਆਨੀ ਹਰਪਾਲ ਸਿੰਘ ਢੰਡ, ਗਿਆਨੀ ਬਲਵੀਰ ਸਿੰਘ ਢੋਲੇਵਾਲਾ  ਆਦਿ ਦੇ ਜਥਿਆਂ ਵੱਲੋਂ ਗੁਰ ਇਤਿਹਾਸ, ਗੁਰਮਤਿ ਵਿਚਾਰਾਂ, ਕਵੀਸ਼ਰੀ ਤੇ ਢਾਡੀ ਵਾਰਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਹਜ਼ਾਰਾਂ ਸੰਗਤਾਂ ਨੇ ਸਤਿਸੰਗਤ  ਦਾ ਅਨੰਦ ਮਾਣਿਆ। ਇਸ ਦੌਰਾਨ ਲਾਏ ਗਏ 13 ਰੋਜ਼ਾ ਮੁਫਤ ਡਾਕਟਰੀ ਕੈਂਪ ਵਿੱਚ 11000 ਤੋਂ ਵੱਧ ਮਰੀਜਾਂ ਦਾ ਨਿਰੀਖਣ ਕਰਕੇ ਮੁਫਤ ਦਵਾਈਆਂ ਦੀ ਸੇਵਾ ਕੀਤੀ ਗਈ। ਕੈਂਪ ਦੌਰਾਨ ਸਮੇਂ ਸਮੇਂ ’ਤੇ ਡਾਕਟਰ ਹਰਜੋਤ ਕਮਲ ਮੋਗਾ, ਸੂਬੇਦਾਰ ਮੇਜਰ ਪਿਆਰਾ ਸਿੰਘ, ਚੇਅਰਮੈਨ ਮਹਿੰਦਰ ਸਿੰਘ ਲਹਿਰਾ, ਬਾਬਾ ਦਰਸ਼ਨ ਸਿੰਘ ਗੁੰਮਟਾਲੇ ਵਾਲੇ ਨੇ ਵੀ ਹਾਜ਼ਰੀ ਲਗਵਾਈ। ਅਖੀਰ ‘ਚ ਡਾ: ਸੰਤ ਬਾਬਾ ਗੁਰਨਾਮ ਸਿੰਘ ਕਾਰ ਸੇਵਾ ਵਾਲਿਆਂ ਨੇ ਉਕਤ ਵਿਦਵਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ ਸਿਰੋਪਾਉ ਨਾਲ ਸਨਮਾਨਿਤ ਕੀਤਾ ।