ਪੰਜਾਬ ਵਿਜੀਲੈਂਸ ਵਲੋਂ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ 8 ਅਕਤੂਬਰ (ਮਨਜੀਤ ਸਿੰਘ ਢੱਲਾ): ਪੰਜਾਬ ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਸਬਾ ਭੀਖੀ, ਜ਼ਿਲ੍ਹਾ ਮਾਨਸਾ ਵਿਖੇ ਤਾਇਨਾਤ  ਫੂਡ ਇੰਸਪੈਕਟਰ ਮਨੀਸ਼ ਕੁਮਾਰ ਨੂੰ ਸ਼ਿਕਾਇਤਕਰਤਾ ਠੇਕੇਦਾਰ ਭਰਭੂਰ ਸਿੰਘ, ਵਾਸੀ ਭੀਖੀ ਜ਼ਿਲ੍ਹਾ ਮਾਨਸਾ ਦੀ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੇ ਵਲੋਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਫੂਡ ਇੰਸਪੈਕਟਰ ਵਲੋਂ ਉਸ ਦੇ ਢੋਆ-ਢੁਆਈ ਦੇ ਬਿੱਲਾਂ ਦੀ ਅਦਾਇਗੀ ਕਰਨ ਬਦਲੇ 5 ਹਜ਼ਾਰ  ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 4 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਹੈ। ਵਿਜੀਲੈਂਸ ਵਲੋਂ ਪੜਤਾਲ ਉਪਰੰਤ ਉਕਤ ਫੂਡ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 4 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਵਿਖੇ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।