ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਮੀਡੀਆ ਮੈਬਰਾਂ ਨਾਲ ਪਲੇਠੀ ਮੀਟਿੰਗ ਕਰਦਿਆਂ ਆਖਿਆ ‘‘ਲੋਕਤੰਤਰ ਦਾ ਚੌਥਾ ਥੰਮ ਹੋਣ ਕਰਕੇ ਮੀਡੀਆ ਲੋਕਾਂ ਵਿਚ ਸਰਕਾਰ ਦਾ ਅਕਸ ਉਭਾਰਨ ਦੀ ਭੂਮਿਕਾ ਨਿਭਾਅ ਸਕਦੈ’’
ਮੋਗਾ 8 ਅਕਤੂਬਰ: (ਜਸ਼ਨ)- ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਕੁੱਝ ਦਿਨ ਪਹਿਲਾਂ ਹੀ ਮੋਗਾ ਜ਼ਿਲੇ ਦਾ ਚਾਰਜ ਸੰਭਾਲਿਆ ਸੀ ਅਤੇ ਅੱਜ ਉਹਨਾਂ ਮੀਡੀਆ ਮੈਂਬਰਾਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਦਿੱਖ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਲੋਕਾਂ ਵਿੱਚ ਸਰਕਾਰ ਦਾ ਅਕਸ ਉਭਾਰਨ ਵਿੱਚ ਪੱਤਰਕਾਰਾਂ ਦੀ ਅਹਿਮ ਭੂਮਿਕਾ ਹੰੁਦੀ ਹੈ। ਉਨਾਂ ਕਿਹਾ ਕਿ ਉਹ ਮੀਡੀਆ ਦੇ ਸਹਿਯੋਗ ਨਾਲ ਜ਼ਿਲੇ ਦੇ ਵਿਕਾਸ ਨੂੰ ਤਰਜੀਹ ਦੇਣਗੇ। ਇਸ ਮੌਕੇ ਸਮੂਹ ਪੱਤਰਕਾਰਾਂ ਵੱਲੋਂ ਆਵਾਜਾਈ ਸਮੱਸਿਆ, ਅਵਾਰਾ ਪਸ਼ੂਆਂ ਦੀ ਸਮੱਸਿਆ ਅਤੇ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹੋਰ ਮੁਸ਼ਕਿਲਾਂ ਉਨਾਂ ਦੇ ਧਿਆਨ ਵਿੱਚ ਲਿਆਉਣ ‘ਤੇ ਡਿਪਟੀ ਕਮਿਸ਼ਨਰ ਨੇ ਇਨਾਂ ਸਮੱਸਿਆਵਾਂ ਦੇ ਨਿਪਟਾਰੇ ਦਾ ਭਰੋਸਾ ਦਿਵਾਇਆ ਅਤੇ ਇਨਾਂ ਸਮੱਸਿਆਵਾਂ ਦੇ ਹੱਲ ਲਈ ਪੱਤਰਕਾਰ ਭਾਈਚਾਰੇ ਨੂੰ ਵੀ ਪ੍ਰਸ਼ਾਸ਼ਨ ਨਾਲ ਰਲ-ਮਿਲ ਦੇ ਹੰਭਲਾ ਮਾਰਨ ਦੀ ਅਪੀਲ ਕੀਤੀ। ਅਵਾਰਾ ਪਸ਼ੂਆਂ ਨਾਲ ਆਏ ਦਿਨ ਹੋ ਰਹੀਆਂ ਮੌਤਾਂ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਕਰਦਿਆਂ ਡੀ ਸੀ ਸ਼੍ਰੀ ਹੰਸ ਨੇ ਆਖਿਆ ਕਿ ਇਸ ਗੱਲ ਵਿਚ ਕੋਈ ਸ਼ੰਕਾਂ ਨਹੀਂ ਕਿ ਮੋਗਾ ਜ਼ਿਲੇ ਵਿਚ ਅਵਾਰਾ ਪਸ਼ੂਆਂ ਅਤੇ ਟੁੱਟੀਆਂ ਸੜਕਾਂ ਕਾਰਨ ਸਥਿਤੀ ਖਤਰਨਾਕ ਮੋੜ ’ਤੇ ਹੈ ਪਰ ਲੋਕਾਂ ਦੇ ਸਹਿਯੋਗ ਅਤੇ ਇੱਛਾ ਸ਼ਕਤੀ ਨਾਲ ਇਸ ਨੂੰ ਮੋੜਾ ਦਿੱਤਾ ਜਾ ਸਕਦਾ ਹੈ। ਉਹਨਾਂ ਅਵਾਰਾ ਪਸ਼ੂਆਂ ਦੀ ਸਮੱਸਿਆਵਾਂ ਦੇ ਹੱਲ ਲਈ ਜ਼ਿਲੇ ਦੀਆਂ ਸਮੂਹ ਗੳੂਸ਼ਾਲਾਵਾਂ ਦੀ ਸੂਚੀ ਮੰਗਵਾਉਣ ਅਤੇ ਉਹਨਾਂ ਵਿਚ ਪਸ਼ੂਆਂ ਦੇ ਸੰਭਾਲੇ ਜਾਣ ਦੀ ਸਮਰੱਥਾ ਬਾਰੇ ਜਾਇਜ਼ਾ ਲੈਣ ਉਪਰੰਤ ਪੱਕਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ । ਉਹਨਾਂ ਆਖਿਆ ਕਿ ਇਸੇ ਤਰਾਂ ਅਵਾਰਾ ਕੁੱਤਿਆਂ ਦੀ ਨਸਬੰਦੀ ਆਰੰਭ ਤਾਂ ਕੀਤੀ ਜਾ ਸਕਦੀ ਹੈ ਪਰ ਇਸ ਦਾ ਅਸਰ ਦੋ ਸਾਲ ਬਾਅਦ ਦਿਖਣਾ ਆਰੰਭ ਹੋਵੇਗਾ। ਉਹਨਾਂ ਅਣਛੋਹੇ ਮੁੱਦੇ ਬਾਈਓਮੈਡੀਕਲ ਵੇਸਟ ਬਾਰੇ ਆਖਿਆ ਕਿ ਬਾਈਓਮੈਡੀਕਲ ਕੂੜਾ ਸਿਰਫ਼ ਹਸਪਤਾਲਾਂ ਵਿਚ ਹੀ ਨਹੀਂ ਹੰੁਦਾ ਸਗੋਂ ਮਿਆਦ ਪੁੱਗ ਚੁੱਕੀਆਂ ਦਵਾਈਆਂ ,ਪੱਟੀਆਂ ਅਤੇ ਡਾਈਪਰ ਆਦਿ ਵੀ ਬਾਈਓਮੈਡੀਕਲ ਕੂੜੇ ਦੇ ਘੇਰੇ ਵਿਚ ਆਉਂਦੇ ਹਨ ਜੋ ਅਕਸਰ ਅਸੀਂ ਘਰਾਂ ਦੇ ਸੁੱਕੇ ਕੂੜੇ ਵਿਚ ਰਲਾ ਦਿੰਦੇ ਹਾਂ ਜੋ ਕਿ ਭਿਆਨਕ ਬੀਮਾਰੀਆਂ ਦਾ ਕਾਰਨ ਬਣਦਾ ਹੈ। ਉਹਨਾਂ ਇਸ ਦੇ ਨਿਪਟਾਰੇ ਲਈ ਨਗਰ ਨਿਗਮ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦਾ ਐਲਾਨ ਵੀ ਕੀਤਾ । ਇਸ ਮੌਕੇ ਸਮੂਹ ਮੀਡੀਆ ਮੈਬਰਾਂ ਵੱਲੋ ਜ਼ਿਲੇ ਦੇ ਵਿਕਾਸ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਪੱਤਰਕਾਰਾਂ ਵੱਲੋਂ ਇਹ ਆਖੇ ਜਾਣ ’ਤੇ ਕਿ ਮੋਗਾ ਜ਼ਿਲੇ ਦਾ ਵਿਕਾਸ ਦੋ ਪਰਿਵਾਰਾਂ ਦੀ ਰਾਜਨੀਤੀ ਦੀ ਭੇਂਟ ਚੜਿਆ ਹੈ ਦੇ ਜਵਾਬ ਵਿਚ ਡੀ ਸੀ ਨੇ ਆਖਿਆ ਕਿ ਉਹਨਾਂ ਦੇ ਫਰਜ਼ ਰਾਜਨੀਤੀ ਤੋਂ ਉੱਪਰ ਹਨ ਅਤੇ ਉਹ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕਰਨਗੇ ਅਤੇ ਵਿਕਾਸ ਦੇ ਕਿਸੇ ਵੀ ਕਾਰਜ ਲਈ ਰਾਜਨੀਤੀਵਾਨਾਂ ਵੱਲੋਂ ਲਏ ਜਾਣ ਵਾਲੇ ਸਿਹਰੇ ’ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ।***************ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ