ਜਲੰਧਰ ’ਚ ਹੋਵੇਗੀ 14 ਅਕਤੂਬਰ ਤੋਂ ਗਲੋਬਲ ਕਬੱਡੀ ਲੀਗ ਦੀ ਸ਼ੁਰੂਆਤ,ਖੇਡ ਮੰਤਰੀ ਰਾਣਾ ਸੋਢੀ ਨੇ ਉਚ ਪੱਧਰੀ ਮੀਟਿੰਗ ‘ਚ ਲਿਆ ਪ੍ਰਬੰਧਾਂ ਦਾ ਜਾਇਜ਼ਾ
ਚੰਡੀਗੜ, 8 ਅਕਤੂਬਰ(ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ 14 ਅਕਤੂਬਰ ਤੋਂ 3 ਨਵੰਬਰ ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾ ਰਹੀ ਜਿਸ ਦਾ ਉਦਘਾਟਨ ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 14 ਅਕਤੂਬਰ ਨੂੰ ਹੋਵੇਗਾ।
ਪ੍ਰਾਈਵੇਟ ਸਪਾਂਸਰ ਟੁੱਟ ਬ੍ਰਦਰਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਲੀਗ ਦੇ ਮੈਚ ਜਲੰਧਰ, ਲੁਧਿਆਣਾ ਤੇ ਮੁਹਾਲੀ ਵਿਖੇ ਕਰਵਾਏ ਜਾਣਗੇ ਅਤੇ 3 ਨਵੰਬਰ ਨੂੰ ਮੁਹਾਲੀ ਦੇ ਫੇਜ਼ 9 ਸਥਿਤ ਹਾਕੀ ਸਟੇਡੀਅਮ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਹੋਵੇਗਾ ਜਿਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ।
ਇਹ ਖੁਲਾਸਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਲੀਗ ਦੇ ਪ੍ਰਬੰਧਾਂ ਲਈ ਰੱਖੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤੀ। ਮੀਟੰਗ ਵਿੱਚ ਪਸ਼ੂ ਪਾਲਣ ਤੇ ਕਿਰਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਤੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ। ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ਦਾ ਪੱਧਰ ਉਪਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਜਿਨਾਂ ਦੀ ਅਗਵਾਈ ਸਦਕਾ ਪੰਜਾਬ ਵੱਲੋਂ ਕਾਰਗਾਰ ਖੇਡ ਨੀਤੀ ਬਣਾਈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਦੀ ਮਾਂ ਖੇਡ ਦੀ ਪ੍ਰਫੁੱਲਤਾ ਲਈ ਵਚਨਬੱਧ ਹੈ ਅਤੇ ਇਸ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਕੋਸ਼ਿਸ਼ਾਂ ਕਰੇਗੀ। ਉਨਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਪ੍ਰਾਈਵੇਟ ਸਪਾਂਸਰਾਂ ਦੀ ਮੱਦਦ ਨਾਲ ਕਰਵਾਈ ਜਾ ਰਹੀ ਲੀਗ ਦਾ ਸਾਰਾ ਖਰਚਾ ਸਪਾਂਸਰਾਂ ਵੱਲੋਂ ਚੁੱਕਿਆ ਜਾਵੇਗਾ ਜਦੋਂ ਕਿ ਇਸ ਲਈ ਸਟੇਡੀਅਮ ਅਤੇ ਪ੍ਰਸ਼ਾਸਕੀ ਤੌਰ ’ਤੇ ਬਾਕੀ ਹਰ ਤਰਾਂ ਦੀ ਮੱਦਦ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਕਬੱਡੀ ਲੀਗ ਵਿੱਚ ਛੇ ਟੀਮਾਂ ਹਿੱਸਾ ਲੈਣਗੀਆਂ ਜਿਨਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ। ਉਨਾਂ ਕਿਹਾ ਕਿ ਲੀਗ ਵਿੱਚ ਹਰ ਟੀਮ ਦੂਜੀ ਟੀਮ ਨਾਲ ਦੋ-ਦੋ ਮੈਚ ਖੇਡੇਗੀ ਅਤੇ ਇਕ ਟੀਮ ਕੁੱਲ 10 ਮੈਚ ਖੇਡੇਗੀ। ਖੇਡ ਮੰਤਰੀ ਨੇ ਮੈਚਾਂ ਦੇ ਸਥਾਨਾਂ ਦਾ ਹੋਰ ਵੇਰਵਾ ਦਿੰਦੇ ਹੋਏ ਦੱਸਿਆ ਕਿ ਜਲੰਧਰ ਵਿਖੇ 14 ਤੋਂ 21 ਅਕਤੂਬਰ ਤੱਕ ਉਦਘਾਟਨੀ ਸਮਾਰੋਹ ਤੇ ਲੀਗ ਮੈਚ, 24 ਤੋਂ 29 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਥਿਤ ਹਾਕੀ ਸਟੇਡੀਅਮ ਵਿਖੇ ਮੈਚ ਖੇਡੇ ਜਾਣਗੇ। 1 ਤੋਂ 3 ਨਵੰਬਰ ਤੱਕ ਮੁਹਾਲੀ ਵਿਖੇ ਫਾਈਨਲ ਤੇ ਸਮਾਪਤੀ ਸਮਾਰੋਹ ਸਮੇਤ ਹੋਰ ਮੈਚ ਖੇਡੇ ਜਾਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਚੀਫ ਪੈਟਰਨਸ਼ਿਪ ਹੇਠਾਂ ਜਿੱਥੇ ਸੂਬਾ ਪੱਧਰ ’ਤੇ ਬਣਾਈ ਕਮੇਟੀ ਲੀਗ ਦੇ ਪ੍ਰਬੰਧ ਦੇਖ ਰਹੀ ਹੈ ਉਥੇ ਤਿੰਨੋਂ ਸਥਾਨਾਂ ’ਤੇ ਜ਼ਿਲਾ ਪੱਧਰ ਦੀ ਕਮੇਟੀ ਬਣਾਈ ਗਈ ਹੈ। ਜਲੰਧਰ ਵਿਖੇ ਸੰਸਦ ਮੈਂਬਰ ਸ੍ਰੀ ਚੌਧਰੀ ਸੰਤੋਖ ਸਿੰਘ, ਲੁਧਿਆਣਾ ਵਿਖੇ ਸੰਸਦ ਮੈਂਬਰ ਸ੍ਰੀ ਰਵਨੀਤ ਸਿੰਘ ਬਿੱਟੂ ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਮੁਹਾਲੀ ਵਿਖੇ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਮੇਟੀਆਂ ਬਣਾਈਆਂ ਹਨ ਜਿਸ ਵਿੱਚ ਸਥਾਨਕ ਵਿਧਾਇਕ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹਨ। ਇਹ ਕਮੇਟੀਆਂ ਲੀਗ ਦੀ ਸਫਲਤਾ ਲਈ ਕੰਮ ਕਰ ਰਹੀਆਂ ਹਨ। ਰਾਣਾ ਸੋਢੀ ਨੇ ਇਸ ਲੀਗ ਦੀ ਸਪਾਂਸਰਸ਼ਿਪ ਕਰ ਰਹੇ ਟੁੱਟ ਬ੍ਰਦਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਨਿੱਜੀ ਹੱਥਾਂ ਦੀ ਭਾਈਵਾਲੀ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਉਨਾਂ ਕਿਹਾ ਕਿ ਸਭ ਮਿਲ-ਜੁਲ ਕੇ ਹੀ ਖੇਡਾਂ ਦੀ ਉਨਤੀ ਲਈ ਕੰਮ ਕਰ ਸਕਦੇ ਹਨ। ਮੀਟਿੰਗ ਵਿੱਚ ਸ੍ਰੀ ਫਤਹਿਜੰਗ ਸਿੰਘ ਬਾਜਵਾ, ਸ੍ਰੀ ਨਵਤੇਜ ਸਿੰਘ ਚੀਮਾ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਸੰਜੀਵ ਤਲਵਾੜ ਤੇ ਸ੍ਰੀ ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਸੰਜੇ ਕੁਮਾਰ ਤੇ ਡਾਇਰੈਕਟਰ ਸ੍ਰੀਮਤੀ ਅੰਮਿ੍ਰਤ ਕੌਰ ਗਿੱਲ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ, ਡੀ.ਜੀ.ਪੀ. ਸ੍ਰੀ ਹਰਦੀਪ ਸਿੰਘ ਢਿੱਲੋਂ, ਜਲੰਧਰ ਦੇ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸ੍ਰੀ ਡੀ.ਲਾਕੜਾ, ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪੀ.ਕੇ.ਸਿਨਹਾ ਤੇ ਏ.ਡੀ.ਸੀ. ਸ੍ਰੀ ਇਕਬਾਲ ਸਿੰਘ ਸੰਧੂ, ਮੁਹਾਲੀ ਦੇ ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ ਤੇ ਏ.ਡੀ.ਸੀ. ਸ੍ਰੀ ਚਰਨਦੇਵ ਸਿੰਘ ਮਾਨ, ਲੀਗ ਦੇ ਮੁੱਖ ਸਪਾਂਸਰ ਟੁੱਟ ਬ੍ਰਦਰਜ਼ (ਸੁਰਜੀਤ ਸਿੰਘ ਤੇ ਰਣਜੀਤ ਸਿੰਘ ਰਾਣਾ) ਸ੍ਰੀ ਯੋਗੇਸ਼ ਛਾਬੜਾ, ਲੀਗ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ, ਅਫਰੀਕਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਹਰੀਸ਼ ਕੁਮਾਰ ਸਿੰਘ, ਸ੍ਰੀ ਹਰਪ੍ਰੀਤ ਸਿੰਘ ਸੰਧੂ, ਸ੍ਰੀ ਕਰਤਾਰ ਸਿੰਘ, ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਡਾ.ਸੇਨੂੰ ਦੁੱਗਲ ਤੇ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਵੀ ਹਾਜ਼ਰ ਸਨ।