ਖੇਤੀਬਾੜੀ ਵਿਭਾਗ ਦੇ ਉੱਡਣ ਦਸਤੇ ਵੱਲੋਂ ਨੰਬਰਦਾਰ ਖੇਤੀ ਸਟੋਰ, ਬੱਡੂਵਾਲ ਦੀ ਕੀੜੇਮਾਰ ਜ਼ਹਿਰਾਂ ਦੀ ਦੁਕਾਨ ਦੀ ਕੀਤੀ ਚੈਕਿੰਗ

ਮੋਗਾ 8 ਅਕਤੂਬਰ(ਜਸ਼ਨ)-ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਇਨਪੁਟ ਸਪਲਾਈ ਕਰਵਾਉਣ ਹਿੱਤ ਸੰਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ: ਪਰਮਜੀਤ ਸਿੰਘ ਦੀ ਯੋਗ ਕਾਰਵਾਈ ਹੇਠ ਅੱਜ ਵਿਭਾਗ ਦੇ ਉੱਡਣ ਦਸਤੇ ਸਮੇਤ ਬਲਾਕ ਕੋਟ ਈਸੇ ਖਾਂ ਦੀ ਟੀਮ ਨੇ ਨੰਬਰਦਾਰ ਖੇਤੀ ਸਟੋਰ, ਬੱਡੂਵਾਲ ਬਲਾਕ ਕੋਟ ਈਸੇ ਖਾਂ ਦੀ ਕੀੜੇਮਾਰ ਜ਼ਹਿਰਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਡਾ: ਅਮਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.), ਜਿਲਾ ਮੋਗਾ ਨੇ ਕੀੜੇਮਾਰ ਜਹਿਰਾਂ ਦੇ ਵੱਖ-ਵੱਖ ਕੰਪਨੀਆਂ ਦੇ ਸੈਂਪਲ ਭਰ ਕੇ ਪਹਿਲ ਦੇ ਆਧਾਰ ‘ਤੇ ਲੈਬੋਰਟਰੀ ਨੂੰ ਭੇਜੇ ਗਏ ਅਤੇ ਪਰਖ ਉਪਰੰਤ ਬਾਯਰ ਕਰਾਪ ਸਾਇੰਸ ਕੰਪਨੀ ਦੀ ਬਣੀ ਹੋਈ ਕੀੜੇਮਾਰ ਜ਼ਹਿਰ ਦੀ ਜਗਾ ਹੋਰ ਕੰਪਨੀ ਦੀ ਦਵਾਈ ਪਾਈ ਗਈ। ਇਸ ਲਈ ਨੰਬਰਦਾਰ ਖੇਤੀ ਸਟੋਰ ਬੱਡੂਵਾਲ ਵੱਲੋਂ ਉਕਤ ਦਵਾਈ ਕਿਸਾਨਾਂ ਨੂੰ ਨਕਲੀ ਵੇਚੀ ਗਈ ਹੈ ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ, ਮੋਗਾ ਵੱਲੋਂ ਇੰਨਸੈਕਟੀਸਾਈਡ ਐਕਟ 1968 ਅਤੇ ਰੂਲਜ 1971 ਅਨੁਸਾਰ ਨੰਬਰਦਾਰ ਖੇਤੀ ਸਟੋਰ ਬੱਡੂਵਾਲ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।