ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ‘ਚ ਲੋਕ ਆਪ ਮੁਹਾਰੇ ਪੁੱਜਣਗੇ ਬਰਗਾੜੀ :ਜਗਦੀਪ ਸਿੰਘ ਜੈਮਲਵਾਲਾ

ਮੋਗਾ,6 ਅਕਤੂਬਰ (ਜਸ਼ਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੈਮਲਵਾਲਾ ਨੇ ਮੋਗਾ ਤੋਂ ਕੋਟਕਪੂਰਾ ਲਈ ਰਵਾਨਾ ਹੋਣ ਮੌਕੇ ‘ ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਨ ਵਾਲੇ ਸਤਿਕਾਰਤ ਰਹਿਨੁਮਾ ਹਨ ਪਰ ਅਕਾਲੀ ਭਾਜਪਾ ਸ਼ਾਸਨ ਦੌਰਾਨ ਗੁਰੂ ਸਾਹਿਬ ਦੀ ਹੋਈ ਬੇਅਦਬੀ ਤੋਂ ਹਰ ਮਨੁੱਖੀ ਮਨ ਨੂੰ ਠੇਸ ਪਹੰੁਚੀ ਹੈ ਪਰ ਅਕਾਲੀ ਦਲ ਨੇ ਪੰਥਕ ਪਾਰਟੀ ਦਾ ਮਖੌਟਾ ਪਹਿਨ ਰੱਖਿਆ ਹੈ ਤੇ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਡੇਰਾ ਸਰਸਾ ਮੁੱਖੀ ਦੇ ਇਸ਼ਾਰੇ ’ਤੇ ਮੁਆਫ਼ੀ ਦਾ ਡਰਾਮਾ ਕੀਤਾ ਤੇ ਆਪਣੇ ਹੀ ਬਣਾਏ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਠੰਡੇ ਬਸਤੇ ਪਾ ਰੱਖਿਆ ਤੇ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸਾਹਮਣੇ ਲਿਆਂਦੇ ਸੱਚ ਨੂੰ ਵੀ ਰੈਲੀਆਂ ਦੀ ਧੂੜ ਹੇਠ ਦਬਾਉਣ ਦਾ ਯਤਨ ਕੀਤਾ ਜਾ ਰਿਹੈ। ਉਹਨਾਂ ਆਖਿਆ ਕਿ ਕਾਂਗਰਸ ਵੀ ਇਸ ਮਸਲੇ ’ਤੇ ਗੰਭੀਰ ਨਹੀਂ ਹੈ ਅਤੇ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਮੁੜ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਇਹ ਖਦਸ਼ਾ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਦੀ ਹਿਰਦੇਵੇਦਕ ਘਟਨਾ ਵਾਂਗ ਬੇਅਦਬੀ ਦੀ ਘਟਨਾ ਲਈ ਵੀ ਕਮਿਸ਼ਨ ਦਰ ਕਮਿਸ਼ਨ ਬਣਦੇ ਰਹਿਣਗੇ ਤੇ ਸ਼ਾਇਦ ਕਦੇ ਵੀ ਇਨਸਾਫ਼ ਨਹੀਂ ਹੋ ਸਕੇਗਾ। ਉਹਨਾਂ ਆਖਿਆ ਕਿ ਇਸੇ ਭਾਵਨਾ ਕਰਕੇ ਲੋਕ ਆਪ ਮੁਹਾਰੇ ਅੱਜ ਕੋਟਕਪੂਰਾ ਤੋਂ ਬਰਗਾੜੀ ਤੱਕ ਹੋ ਰਹੇ ਮਾਰਚ ਵਿਚ ਸ਼ਾਮਲ ਹੋ ਰਹੇ ਹਨ ।


