7 ਅਕਤੂਬਰ ਦੀਆਂ ਰੈਲੀਆਂ ਵਿੱਚ ਇਕੱਠ ਵਧਾਉਣ ਲਈ ਪਿੰਡਾਂ ਵਿਚ ਕਾਂਗਰਸੀ ਅਤੇ ਅਕਾਲੀ ਹੋਏ ਪੱਬਾਂ-ਭਾਰ,ਬਰਗਾੜੀ ਦੇ ਇਕੱਠ ਲਈ ਲੋਕ ਆਪ ਮੁਹਾਰੇ ਜਾਣ ਲਈ ਕਾਹਲੇ

ਜੈਤੋ, 6 ਅਕਤੂਬਰ (ਮਨਜੀਤ ਸਿੰਘ ਢੱਲਾ)- ਭਾਵੇਂ ਪੰਜਾਬ ਵਿਚ ਪੰਚੀਸਰਪੰਚੀ ਦੀਆਂ ਚੋਣਾਂ ਪਿੱਛੇ ਪੈ ਗਈਆਂ ਹਨ, ਪਰ ਭਲਕੇ 7 ਅਕਤੂਬਰ ਨੂੰ ਲੰਬੀ, ਪਟਿਆਲਾ ਅਤੇ ਬਰਗਾੜੀ ਵਿਚ ਹੋ ਰਹੇ ਇਕੱਠਾਂ ਨੂੰ ਲੈਕੇ ਪਿੰਡਾਂ ਵਿਚ ਇਕ ਨਵੀਂ ਕਿਸਮ ਦਾ ਮੁਕਾਬਲਾ ਹੋਣ ਲੱਗਿਆ ਹੈ। ਇਹ ਮੁਕਾਬਲਾ ਪਿੰਡਾਂ ਵਿਚਲੇ ਮੁੱਖ ਸਿਆਸੀ ਆਗੂਆਂ ਵਿਚਕਾਰ ਆਪੋਆਪਣੀ ਪਾਰਟੀ ਦੀਆਂ ਰੈਲੀਆਂ ਵਿਚ ਇਕੱਠ ਵਧਾਉਣ ਨੂੰ ਲੈਕੇ ਹੋ ਰਿਹਾ ਹੈ। ਕਾਂਗਰਸੀਆਂ ਅਤੇ ਅਕਾਲੀਆਂ ਵਿਚਕਾਰ ਕਾਂਟੇ ਦੀ ਟੱਕਰ ਲੱਗੀ ਹੋਈ ਹੈ, ਜਦੋਂ ਕਿ ਬਰਗਾੜੀ ਦੇ ਰੋਸ ਮਾਰਚ ਵਿਚ ਬਹੁਤ ਸਾਰੇ ਲੋਕ ਇਕ ਲਹਿਰ ਦੇ ਰੂਪ ਵਿਚ ਚੁੱਪਚਪੀਤੇ ਜਾਣ ਲਈ ਤਿਆਰ ਹੋਏ ਬੈਠੇ ਹਨ। ਵੱਡੀਆਂ ਸਿਆਸੀ ਧਿਰਾਂ ਦੇ ਮੋਹਤਵਰ ਆਗੂ ਕਾਂਗਰਸੀਆਂ ਅਤੇ ਅਕਾਲੀ ਵਰਕਰਾਂ ਦੀਆਂ ਰੈਲੀਆਂ ਵਿਚ ਜਾਣ ਲਈ ਬਕਾਇਦਾ ਲਿਸਟਾਂ ਤਿਆਰ ਕਰਕੇ ਵਿਧਾਨ ਸਭਾ ਹਲਕਿਆਂ ਦੇ ਮੁੱਖ ਆਗੂਆਂ ਨੂੰ ਸੌਂਪਣ ਲੱਗੇ ਹਨ। ਪਿੰਡਾਂ *ਚੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਅਕਾਲੀ ਅਤੇ ਕਾਂਗਰਸੀ ਆਗੂਆਂ ਨੇ ਪਿੰਡਾਂ ਵਿਚਲੇ ਪਾਰਟੀ ਵਰਕਰਾਂ ਨੂੰ ਵੱਡੀ ਪੱਧਰ ਤੇ ਇਕੱਠ ਜਟਾਉਣ ਲਈ ਵਰਕਰਾਂ ਦੀ ਬਕਾਇਦਾ ਡਿਊਟੀ ਲਾਈ ਗਈ ਹੈ ਅਤੇ ਇਸ ਡਿਊਟੀ ਵਿਚ ਘਰਘਰ ਦੇ ਉਸ ਬੰਦੇ ਦਾ ਨਾਮ ਅੰਕਿਤ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਵੱਲੋਂ ਬਾਦਲ ਅਤੇ ਲੰਬੀ ਦੀ ਰੈਲੀ ਵਿਚ ਜਾਕੇ ਪਾਰਟੀ ਦੀ ਸੋਭਾ ਵਧਾਉਣੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸਿਆਸੀ ਧਿਰਾਂ ਵੱਲੋਂ ਬਕਾਇਦਾ ਪਿੰਡਾਂ ਚੋਂ ਲਿਸਟਾਂ ਤਿਆਰ ਕਰਕੇ ਉਪਰ ਭੇਜੀਆਂ ਗਈਆਂ ਹਨ। ਹਲਕਿਆਂ ਦੇ ਇੰਚਾਰਜਾਂ ਵੱਲੋਂ ਬਕਾਇਦਾ ਪਿੰਡਾਂ ਵਿਚ ਵੋਟਾਂ ਦੀ ਤਰ੍ਹਾਂ ਰੈਲੀਆਂ ਦੇ ਇਕੱਠ ਵਧਾਉਣ ਲਈ ਇਕ ਲਾਮਬੰਦੀ ਕੀਤੀ ਗਈ ਹੈ, ਜਦੋਂ ਕਿ ਦਿਲਚਸਪ ਗੱਲ ਇਹ ਹੈ ਕਿ ਬਰਗਾੜੀ ਦੇ ਰੋਸ ਮਾਰਚ ਲਈ ਬਿਨਾਂ ਕਿਸੇ ਮੁਹਿੰਮ ਤੋਂ ਲੋਕ ਆਪਣੇਆਪ ਜਾਣ ਲਈ ਕਾਹਲੇ ਹੋਏ ਬੈਠੇ ਹਨ। ਸ਼ਹਿਰਾਂ ਚੋਂ ਇਕੱਤਰ ਕੀਤੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਬੇਸ਼ੱਕ ਅਕਾਲੀ ਆਗੂਆਂ ਵਿਚ ਜਾਣ ਦੀਆਂ ਸਰਗਰਮੀਆਂ ਪੂਰੀ ਤੇਜੀ ਨਾਲ ਜ਼ੋਰ ਫੜੀਆਂ ਹੋਈਆਂ ਹਨ, ਪਰ ਭਾਜਪਾ ਦੇ ਆਗੂਆਂ ਵਿਚ ਪਟਿਆਲਾ ਵਾਲੀ ਰੈਲੀ ਨੂੰ ਲੈਕੇ ਚੁੱਪ ਛਾਈ ਹੋਈ ਹੈ। ਕਾਂਗਰਸੀ ਵਰਕਰਾਂ ਵਿਚ ਰਾਜ ਭਾਗ ਹੋਣ ਕਰਕੇ ਜੋਸ਼ ਵਿਖਾਈ ਦਿੰਦਾ ਹੈ, ਜਦੋਂ ਕਿ 10 ਸਾਲ ਸੱਤਾ ਵਿਚ ਰਹੀ ਸੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਪਹਿਲੀ ਵਾਰ ਜੇਬ ਚੋਂ ਪੈਸੇ ਖਰਚਕੇ ਬੱਸਾਂ ਨੂੰ ਕਿਰਾਏ ਤੇ ਲਿਜਾਣਾ ਪੈ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਨੇਤਾਵਾਂ ਨੇ ਬਹੁਤੀਆਂ ਬੱਸਾਂ ਨੂੰ ਬਕਾਇਦਾ ਬੁੱਕ ਕੀਤਾ ਗਿਆ ਹੈ, ਜਦੋਂ ਕਿ ਬਾਦਲਾਂ ਦੀਆਂ ਔਰਬਿਟ ਸਮੇਤ ਹੋਰ ਬੱਸਾਂ ਰੂਟਾਂ ਉਤੇ ਰੋਜ਼ ਦੀ ਤਰ੍ਹਾਂ ਪੈਸੇ ਕਮਾਉਣ ਲਈ ਲੱਗੀਆਂ ਰਹਿਣਗੀਆਂ।ਇਸ ਵਾਰ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੀ ਲੰਬੀ ਰੈਲੀ ਟਰਾਂਸਪੋਰਟ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਵੇਂ ਹੀ ਬੱਸਾਂ ਸੱਤਾਧਾਰੀ ਕਾਂਗਰਸੀ ਨੇਤਾਵਾਂ ਨੂੰ ਸੌਂਪੀਆਂ ਹਨ, ਜਿਵੇਂ ਲਗਾਤਾਰ 10 ਸਾਲ ਅਕਾਲੀਆਂ ਦੀਆਂ ਵੱਡੀਆਂ ਰੈਲੀਆਂ ਲਈ ਉਚ ਅਧਿਕਾਰੀ ਜਥੇਦਾਰਾਂ ਨੂੰ ਬੱਸਾਂ ਸੌਂਪਦੇ ਰਹੇ ਹਨ। ਪਿੰਡਾਂ ਚੋਂ ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਨੂੰ ਲੈਕੇ ਪਹਿਲਾਂ ਹੀ ਵੱਡੀ ਪੱਧਰ ਤੇ ਸਿੰਗ ਫਸ ਗਏ ਹਨ, ਉਥੇ ਪਟਿਆਲਾ ਅਤੇ ਲੰਬੀ ਰੈਲੀ ਲਈ ਲੋਕਾਂ ਨੂੰ ਲਿਜਾਣ ਲਈ ਜੋਰ ਅਜਮਾਈ ਕਈ ਦਿਨਾਂ ਤੋਂ ਚਲੀ ਆ ਰਹੀ ਹੈ। ਇਨ੍ਹਾਂ ਦੋਨਾਂ ਪਾਰਟੀਆਂ ਵੱਲੋਂ ਇਕੱਠ ਵਧਾਉਣ ਲਈ ਆਮ ਵਰਕਰਾਂ ਦੀ ਖਾਤਰਦਾਰੀ ਵੀ ਕੀਤੀ ਜਾਣ ਲੱਗੀ ਹੈ। ਬੱਸਾਂ ਵਿਚ ਵੱਡੀ ਪੱਧਰ ਤੇ ਵਰਕਰਾਂ ਨੂੰ ਚੜਾਉਣ ਲਈ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਦਾ ਪਿੰਡਾਂ ਵਿਚ ਅੱਜ ਸਾਰਾ ਦਿਨ ਜ਼ੋਰ ਲੱਗਦਾ ਰਿਹਾ ਅਤੇ ਗੁੱਸੇ ਗਿੱਲੇ ਵਾਲਿਆਂ ਨੂੰ ਵੋਟਾਂ ਵਾਂਗ ਮਨਾਉਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।