ਸ਼ਮਸ਼ਾਨਘਾਟ ‘ਚ ਹੋਇਆ ਧਮਾਕਾ , ਗੈਸ ਸਿਲੰਡਰ ਲੀਕ ਹੋਣ ਕਾਰਨ 5 ਵਿਅਕਤੀ ਝੁਲਸੇ 2 ਦੀ ਹਾਲਤ ਗੰਭੀਰ

ਮੋਗਾ,6 ਅਕਤੂਬਰ (ਨਵਦੀਪ ਮਹੇਸਰੀ) :ਅੱਜ ਦੇਰ ਸ਼ਾਮ ਮੋਗਾ ਜ਼ਿਲੇ ਦੇ ਪਿੰਡ ਮਹੇਸਰੀ ਵਿਖੇ ਇਕ ਬਜ਼ੁਰਗ ਔਰਤ ਦੇ ਅੰਤਿਮ ਸੰਸਕਾਰ ਦੌਰਾਨ ਅਚਾਨਕ ਸ਼ਮਸ਼ਾਨ ਘਾਟ ‘ਚ ਧਮਾਕਾ ਹੋ ਗਿਆ ਅਤੇ ਸ਼ਮਸ਼ਾਨਘਾਟ ਵਿਚ ਹਫੜਾ ਦਫੜੀ ਮੱਚ ਗਈ । ਇਹ ਧਮਾਕਾ ਗੈਸ ਸਿਲੰਡਰ ਦੇ ਲੀਕ ਹੋਣ ਕਾਰਨ ਹੋਇਆ ਦੱਸਿਆ ਜਾਂਦਾ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਮਿ੍ਰਤਕ ਦੀ ਲਾਸ਼ ਕੋਲ ਖੜੇ ਲੋਕ ਵੀ ਬੁਰੀ ਤਰਾਂ ਝੁਲਸ ਗਏ। ਪਿੰਡ ਵਾਸੀ ਜਗਤਾਰ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਸੰਸਕਾਰ ਕਰਨ ਮੌਕੇ ਲਾਸ਼ ਨੂੰ ਅਗਨੀ ਦੇਣ ਲਈ ਚੈਂਬਰ ਦੇ ਅੰਦਰ ਕੀਤਾ ਤਾਂ ਚੈਂਬਰ ਵਿਚ ਪਹਿਲਾਂ ਹੀ ਗੈਸ ਭਰੀ ਹੋਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ ਤੇ ਅੱਗ ਦੇ ਭੰਬੂਕੇ ਨੇ ਚੈਂਬਰ ਦੇ ਬਾਹਰ ਖੜੇ 15-20 ਵਿਅਕਤੀਆਂ ਨੂੰ ਲਪੇਟ ਵਿਚ ਲੈ ਲਿਆ ਅਤੇ ਉਹਨਾਂ ਦੇ ਕਪੜੇ, ਵਾਲ ਅਤੇ ਦਾੜੀਆਂ ਵੀ ਸੜ ਗਈਆਂ। । ਪਰ ਸਕਿੰਟਾਂ ਵਿਚ ਹੀ ਇਹ ਅੱਗ ਆਪਣੇ ਆਪ ਬੁਝ ਗਈ । ਇਸ ਧਮਾਕੇ ਚ 5 ਵਿਅਕਤੀ  ਬੁਰੀ ਤਰਾਂ ਝੁਲਸੇ ਗਏ ਜਿਹਨਾਂ ਵਿਚੋਂ 2 ਦੀ ਹਾਲਤ ਗੰਭੀਰ ਹੈ ਜਿਹਨਾਂ ਵਿਚੋਂ ਮਿ੍ਰਤਕ ਦੀਪ ਕੌਰ ਦਾ 8 ਸਾਲਾ ਪੋਤਾ ਗੰਭੀਰ ਜ਼ਖਮੀ ਹੈ।  ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ‘ ਚ ਦਾਖਲ ਕਰਵਾਇਆ ਗਿਆ ਹੈ ਜਦਕਿ 8 ਸਾਲਾ ਛੋਟੇ ਬੱਚੇ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।   ਵਰਨਣਯੋਗ ਹੈ ਕਿ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਲਈ ਲਿਆਂਦੀ 75 ਸਾਲਾ ਬਜ਼ੁਰਗ ਦੀਪ ਕੌਰ ਇਸੇ ਪਿੰਡ ਦੀ ਧੀ ਹੈ ਅਤੇ ਉਹ ਆਪਣੇ ਪਰਿਵਾਰ ਸਮੇਤ ਪਿੰਡ ਵਿਚ ਹੀ ਰਹਿ ਰਹੀ ਸੀ। ਪਿੰਡ ਵਾਸੀ ਬਿੰਦਰ ਸਿੰਘ ਬਰਾੜ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ  ਪਿਛਲੇ 6 ਸਾਲਾਂ ਤੋਂ ਇਸ ਸ਼ਮਸ਼ਾਨਘਾਟ ਵਿਚ ਗੈਸ ਭੱਠੀ ਨਾਲ ਮਿ੍ਰਤਕਾਂ ਦੇ ਦਾਹ ਸੰਸਕਾਰ ਕੀਤੇ ਜਾਂਦੇ ਹਨ ਪਰ ਕਦੇ ਵੀ ਅਜਿਹੀ ਘਟਨਾ ਨਹੀਂ ਸੀ ਵਾਪਰੀ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।