ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ਾਂ ਨੇ ਲੁੱਟੇ ਇਕ ਲੱਖ 900 ਰੁਪਏ, ਸ਼ੱਕ ਵਿਅਕਤੀ ਸੀ ਸੀ ਟੀ ਵੀ ਕੈਮਰਿਆਂ ‘ਚ ਕੈਦ

ਮੋਗਾ, 5 ਅਕਤੂਬਰ(ਜਸ਼ਨ): ਮੋਗਾ ਦੇ ਪਿੰਡ ਬੁੱਟਰ ਵਿਖੇ ਅੱਜ ਦਿਨੇ ਦੁਪਹਿਰੇ ਮੋਟਰਸਾਈਕਲ ਸਵਾਰ ਚਾਰ ਨੌਜਵਾਨ ਦੋ ਵਿਅਕਤੀਆਂ ਤੋਂ ਇਕ ਲੱਖ 900  ਰੁਪਏ ਦੀ ਰਾਸ਼ੀ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਵਾਪਰੀ ਜਦੋਂ ਮੱਖੂ ਦੀ ਇਕ ਕੰਪਨੀ ਅਪਮਨੀ ਦੇ ਕਰਿੰਦਿਆਂ ਤੋਂ ਨਕਾਬਪੋਸ਼ਾਂ ਨੇ ਧੱਕੇ ਨਾਲ ਪੈਸੇ ਖੋਹ ਲਏ। ਇਹ ਕੰਪਨੀ ਗਰੀਬ ਵਰਗ ਦੇ ਲੋਕਾਂ ਨੂੰ ਛੋਟੇ ਕਰਜ਼ੇ ਮੁਹੱਈਆ ਕਰਵਾਉਂਦੀ ਹੈ ਅਤੇ ਹਰ ਹਫ਼ਤੇ ਛੋਟੀਆਂ ਕਿਸ਼ਤਾਂ ਦੇ ਰੂਪ ਵਿਚ ਉਗਰਾਹੀ ਕਰਦੀ ਹੈ । ਅੱਜ ਵੀ ਇਸ ਕੰਪਨੀ ਦਾ ਕਰਿੰਦਾ ਯਹੁੰਨਾ ਪੁੱਤਰ ਮਲਕੀਤ ਗਿੱਲ ਵਾਸੀ ਮੱਖੂ ਉਗਰਾਹੀ ਕਰਨ ਆਏ ਹੋਏ ਸਨ ਅਤੇ ਉਹਨਾਂ ਪਹਿਲਾਂ ਦੋ ਘਰਾਂ ਵਿਚੋਂ ਉਗਰਾਹ ਕੀਤੀ ਤਾਂ ਲੁਟੇਰੇ ਉਹਨਾਂ ਦਾ ਪਿੱਛਾ ਕਰਦੇ ਰਹੇ ਪਰ ਜਿਉਂ ਹੀ ਕਰਿੰਦਾ ਤੀਜੇ ਘਰ ਵਿਚੋਂ ਕਿਸ਼ਤ ਲੈ ਕੇ ਬਾਹਰ ਨਿਕਲਿਆ ਤਾਂ ਲੁਟੇਰੇ ਇਕੱਤਰ ਕੀਤੀ ਸਾਰੀ ਰਾਸ਼ੀਵਾਲਾ ਬੈੱਗ ਖੋਹ ਕੇ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ’ਤੇ ਫਰਾਰ ਹੋ ਗਏ। ਥਾਣਾ ਬੱਧਣੀ ਦੇ ਐੱਸ ਐੱਚ ਓ ਪਲਵਿੰਦਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਪਹੰੁਚ ਕੇ ਲੁਟੇਰਿਆਂ ਦਾ ਖੁਰਾ ਖੋਜ ਨੱਪਣ ਦੀ ਕੋਸ਼ਿਸ਼ ਆਰੰਭੀ ਅਤੇ ਘਟਨਾ ਨੇੜਲੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਿਸ ਤੋਂ ਪਤਾ ਲੱਗਿਆ ਕਿ ਚਾਰੋ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਉਹ ਪਿੰਡ ਦੀਆਂ ਗਲੀਆਂ ਦੇ ਵਾਕਿਫ਼ ਜਾਪ ਰਹੇ ਸਨ । ਸ਼ੱਕ ਕੀਤਾ ਜਾ ਰਿਹੈ ਕਿ ਜਾਂ ਤਾਂ ਚਾਰੇ ਇਸੇ ਪਿੰਡ ਦੇ ਵਸਨੀਕ ਹੋਣ ਜਾਂ ਫਿਰ ਉਹਨਾਂ ਨੇ ਲੁੱਟ ਤੋਂ ਪਹਿਲਾਂ ਰੇਕੀ ਕੀਤੀ ਹੋਵੇ। ਪੁਲਿਸ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਪਿੰਡ ਵਿਚ ਹੀ ਤਇਨਾਤ ਸੀ ਅਤੇ ਪੁਲਿਸ ਕਰਮੀਆਂ ਵੱਲੋਂ ਫੁਟੇਜ ਨੂੰ ਬਾਰੀਕੀ ਨਾਲ ਦੇਖਿਆ ਜਾ ਰਿਹਾ ਸੀ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।