ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆ;;;;;;; ਸੁਖਬੀਰ ਸਿੰਘ ਬਾਦਲ ਦੱਸਣ ਕਿ ਬਹਿਬਲ ਕਲਾਂ ਵਿਚ ਗੋਲੀ ਕਿਸਦੇ ਹੁਕਮਾਂ ਤੇ ਚੱਲੀ

ਮੰਡੀ ਕਿਲਿਆਂ ਵਾਲੀ, 5 ਅਕਤੂਬਰ ( STAFF REPORTER)ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਇਕ ਵਾਰ ਫਿਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆ ਹੈ ਕਿ ਉਹ ਦੱਸਣ ਕਿ ਬਹਿਬਲ ਕਲਾਂ ਵਿਚ ਗੋਲੀ ਕਿਸ ਦੇ ਹੁਕਮਾਂ ਤੇ ਚਲਾਈ ਗਈ ਸੀ। ਸ੍ਰੀ ਸੁਨੀਲ ਜਾਖੜ ਅੱਜ ਮੰਡੀ ਕਿਲਿਆਂ ਵਾਲੀ 7 ਅਕਤੂਬਰ ਨੂੰ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪਹੁੰਚੇ ਸਨ। ਇਸ ਮੌਕੇ ਉਨਾਂ ਨਾਲ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹਰਪ੍ਰਤਾਪ ਸਿੰਘ ਅਜਨਾਲਾ, ਮੁੱਖ ਮੰਤਰੀ ਦੇ ਓਐਸਡੀ ਸ: ਸੰਦੀਪ ਸੰਧੂ ਅਤੇ ਅੰਕਿਤ ਬਾਂਸਲ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ ਵੀ ਹਾਜਰ ਸਨ।ਪੱਤਰਕਾਰਾਂ ਦੇ ਨਾਲ ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅਗਸਤ ਆਖੀਰ, ਜਦੋਂ ਤੋਂ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਹੈ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਟ ਜਨਤਕ ਹੋਈ ਹੈ, ਹਰ ਕੋਈ ਅਕਾਲੀ ਦਲ ਦੇ ਪ੍ਰਧਾਨ ਨੂੰ ਇਹੀ ਪੁੱਛ ਰਿਹਾ ਹੈ ਕਿ ਬਹਿਬਲ ਕਲਾਂ ਵਿਖੇ ਗੋਲੀ ਕਿਸ ਦੇ ਕਹਿਣ ਤੇ ਚਲਾਈ ਗਈ ਸੀ ਜਿਸ ਵਿਚ ਨਿਰਦੋਸ਼ ਸਿੱਖ ਮਾਰੇ ਗਏ ਸਨ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਆਪਣੇ ਟਕਸਾਲੀ ਆਗੂ ਵੀ ਹੁਣ ਉਨਾਂ ਤੋਂ ਇਹੀ ਸਵਾਲ ਪੁੱਛ ਰਹੇ ਹਨ।ਸ੍ਰੀ ਜਾਖੜ ਨੇ ਕਿਹਾ ਕਿ ਇਹ ਬੇਹਦ ਅਫਸੋਸ਼ ਦੀ ਗੱਲ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਦੀਆਂ ਕੀਤੀਆਂ ਗਲਤੀਆਂ ਕਾਰਨ 93 ਸਾਲ ਦੀ ਉਮਰ ਵਿਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਸ ਵਿਰਧ ਅਵਸਥਾ ਵਿਚ ਆਪਣੀ ਸਾਖ਼ ਬਚਾਉਣ ਲਈ ਰੈਲੀ ਵਿਚ ਲੋਕਾਂ ਨੂੰ ਬੁਲਾਉਣ ਲਈ ਘਰੋਂ ਘਰੀ ਜਾਣਾ ਪੈ ਰਿਹਾ ਹੈ।ਸ੍ਰੀ ਜਾਖੜ ਨੇ ਕਿਹਾ ਕਿ ਇਸੇ ਕਾਰਨ ਸੁਖਬੀਰ ਸਿੰਘ ਬਾਦਲ ਦੇ ਸਾਥੀ ਉਨਾਂ ਦਾ ਸਾਥ ਛੱਡਣ ਲੱਗੇ ਹਨ। ਉਨਾਂ ਆਖਿਆ ਕਿ ਹੁਣ ਟਕਸਾਲੀ ਆਗੂਆਂ ਦਾ ਇਖਲਾਕ ਜਾਗ ਪਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਪਟਿਆਲਾ ਰੈਲੀ ਵਿਚ ਸਿਵਾਏ ਪ੍ਰਕਾਸ਼ ਸਿੰਘ ਬਾਦਲ ਤੋਂ ਕੋਈ ਹੋਰ ਟਕਸਾਲੀ ਆਗੂ ਨਹੀਂ ਜਾ ਰਿਹਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਆਗੂ ਵਜੋਂ ਨਹੀਂ ਸਗੋਂ ਇਕ ਮਜਬੂਰ ਪਿਤਾ ਵਜੋਂ ਹੀ ਜਾਣਗੇ।ਉਨਾਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਉਰਫ ਸੁਖਬੀਰ ਸਿੰਘ ਇੰਸਾ ਦੀ ਪੰਥ ਵਿਰੋਧੀ ਸੋਚ ਕਾਰਨ ਹੀ ਅੱਜ ਉਨਾਂ ਦੀ  ਆਪਣੀ ਪਾਰਟੀ ਦਾ ਕਾਡਰ ਉਨਾਂ ਦੀ ਲੀਡਰਸ਼ਿਪ ਮੰਨਨ ਨੂੰ ਤਿਆਰ ਨਹੀਂ ਹੈ। ਲੋਕ ਸਭਾ ਮੈਂਬਰ ਨੇ ਕਿਹਾ ਕਿ ਜੇਕਰ ਸ: ਬਾਦਲ ਇਸ ਸਧਾਰਨ ਸਵਾਲਾਂ ਦੇ ਜਵਾਬ ਦੇ ਦਿੰਦੇ ਤਾਂ ਉਨਾਂ ਨੂੰ ਅੱਜ ਇੱਕਲੇ ਇੱਕਲੇ ਆਗੂ ਦੇ ਦਰਾਂ ਤੇ ਜਾ ਕੇ ਮਿੰਨਤਾਂ ਨਾ ਕਰਨੀਆਂ ਪੈਂਦੀਆਂ। ਉਨਾਂ ਕਿਹਾ ਕਿ ਚੰਗਾ ਹੋਵੇ ਜੇਕਰ 7 ਅਕਤੂਬਰ ਦੀ ਪਟਿਆਲਾ ਰੈਲੀ ਵਿਚ ਸੁਖਬੀਰ ਸਿੰਘ ਬਾਦਲ ਇਹ ਦੱਸਣ ਦੀ ਹਿੰਮਤ ਵਿਖਾਉਣ ਕਿ  ਬਹਿਬਲ ਕਲਾਂ ਵਿਚ ਗੋਲੀ ਕਿਸਦੇ ਹੁਕਮਾਂ ਤੇ ਚੱਲੀ।