ਮੋਗਾ ਕੋਰੀਅਰ ਬੰਬ ਧਮਾਕੇ ਦੇ ਦੋਸ਼ੀ ਨੂੰ ਮੋਗਾ ਪੁਲਿਸ ਨੇ ੳੜੀਸਾ ਤੋਂ ਕੀਤਾ ਗਿ੍ਰਫਤਾਰ,ਅਦਾਲਤ ਨੇ ਭੇਜਿਆ ਪੰਜ ਦਿਨਾਂ ਦੇ ਪੁਲਿਸ ਰਿਮਾਂਡ ’ਤੇ,ਪ੍ਰੈਸ ਕਾਨਫਰੰਸ ਰਾਹੀਂ ਆਈ.ਜੀ. ਸ: ਛੀਨਾ ਨੇ ਕੀਤਾ ਖੁਲਾਸਾ
ਮੋਗਾ, 5 ਅਕਤੂਬਰ (ਜਸ਼ਨ): ਕੱਲ ਸ਼ਾਮ ਮੋਗਾ ਵਿਖੇ ਫਿਰੋਜ਼ਪੁਰ ਰੇਂਜ ਦੇ ਆਈ.ਜੀ. ਸ੍ਰੀ ਮੁਖਵਿੰਦਰ ਸਿੰਘ ਛੀਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ 26 ਸਤੰਬਰ ਨੂੰ ਮੋਗਾ ‘ਚ ਕੋਰੀਅਰ ਦੀ ਦੁਕਾਨ ‘ਤੇ ਅਣਪਛਾਤੇ ਵਿਅਕਤੀ ਵਲੋਂ ਕਰਵਾਏ ਗਏ ਕੋਰੀਅਰ ਪਾਰਸਲ ਵਿਚ ਅਚਾਨਕ ਹੋਏ ਬੰਬ ਧਮਾਕੇ ਸਬੰਧੀ ਖੁਲਾਸਾ ਕੀਤਾ। ਸ੍ਰੀ ਛੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਧਮਾਕੇ ਦੀ ਇਸ ਘਟਨਾ ਸਬੰਧੀ ਜਿੱਥੇ ਫੋਰੈਂਸਿਕ ਟੀਮ ਮੋਗਾ ਵਿਖੇ ਘਟਨਾ ਸਥਾਨ ‘ਤੇ ਪਹੁੰਚੀ ਸੀ ਉੱਥੇ ਦੋ ਜਾਂਚ ਏਜੰਸੀਆਂ ਵੀ ਇਸ ਮਾਮਲੇ ਸਬੰਧੀ ਮੋਗਾ ਪੁਲਿਸ ਦੇ ਨਾਲ ਘਟਨਾ ਦੀ ਛਾਣ-ਬੀਣ ਵਿਚ ਲੱਗੀਆਂ ਹੋਈਆਂ ਸਨ । ਉਹਨਾਂ ਦੱਸਿਆ ਕਿ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਉਕਤ ਕੋਰੀਅਰ ਕਰਨ ਵਾਲੇ ਵਿਅਕਤੀ ਦੀਆਂ ਜਨਤਕ ਤੌਰ ‘ਤੇ ਅਖਬਾਰਾਂ ਵਿਚ ਤਸਵੀਰਾਂ ਵੀ ਨਸ਼ਰ ਕੀਤੀਆਂ ਸਨ। ਉਹਨਾਂ ਦੱਸਿਆ ਕਿ ਪੁਲਿਸ ਨੇ ਛਾਣਬੀਣ ਦੌਰਾਨ ਪਾਰਸਲ ਦੇ ਪਤੇ ’ਤੇ ਰਹਿੰਦੇ ਭੂਪੇਸ਼ ਰਾਜੇਆਣਾ ਨਾਲ ਸੰਪਰਕ ਕੀਤਾ ਤੇ ਉਸ ਨੂੰ ਫੁਟੇਜ ‘ਚ ਦੋਸ਼ੀ ਦੀ ਤਸਵੀਰ ਦਿਖਾਈ ਤਾਂ ਉਹਨਾਂ ਨੇ ਉਸ ਵਿਅਕਤੀ ਦੀ ਪਛਾਣ ਰਾਜਵੀਰ ਰਾਜੇਆਣਾ ਦੇ ਤੌਰ ’ਤੇ ਕੀਤੀ ਜੋ ਉੜੀਸਾ ‘ਚ ਰਹਿ ਰਿਹਾ ਹੈ। ਪੁਲਿਸ ਟੀਮ ਨੇ ਉੜੀਸਾ ਪੁਲਿਸ ਨਾਲ ਸੰਪਰਕ ਸਾਧਦਿਆਂ ਦੋਸ਼ੀ ਨੂੰ ਗਿ੍ਰਫਤਾਰ ਕਰਕੇ ਮੋਗਾ ਲਿਆਂਦਾ । ਸ੍ਰੀ ਛੀਨਾ ਨੇ ਦੱਸਿਆ ਕਿ ਦੋਸ਼ੀ ਰਾਜਵੀਰ ਰਾਜੇਆਣਾ ਭੁਪੇਸ਼ ਰਾਜੇਆਣਾ ਦੇ ਹੀ ਖਾਨਦਾਨ ਵਿਚੋਂ ਸੀ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਉੜੀਸਾ ਵਿਚ ਰਹਿ ਕੇ ਫੋਟੋਗਰਾਫੀ ਦਾ ਕੰਮ ਕਰਦਾ ਸੀ। ਸ: ਛੀਨਾ ਨੇ ਦੱਸਿਆ ਕਿ ਰਾਜਵੀਰ ਰਾਜੇਆਣਾ ਕੁਝ ਸਮਾਂ ਪਹਿਲਾਂ ਸੰਗਰੂਰ ਆਇਆ ਸੀ ਅਤੇ ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਉਸ ਦਾ ਭੁਪੇਸ਼ ਰਾਜੇਆਣਾ ਨਾਲ ਤਕਰਾਰ ਹੋ ਗਿਆ ਸੀ ਅਤੇ ਭੁਪੇਸ਼ ਰਾਜੇਆਣਾ ਨੂੰ ਸਬਕ ਸਿਖਾਉਣ ਦੀ ਮਨਸ਼ਾ ਨਾਲ ਹੀ ਰਾਜਵੀਰ ਰਾਜੇਆਣਾ ਨੇ 26 ਸਤੰਬਰ ਨੂੰ ਕੋਰੀਅਰ ਪਾਰਸਲ ਬੰਬ ਦੀ ਘਟਨਾ ਨੂੰ ਅੰਜਾਮ ਦਿੱਤਾ ਪਰ ਇਹ ਬੰਬ ਕੋਰੀਅਰ ਵਾਲੇ ਪਤੇ ’ਤੇ ਪਹੰੁਚਣ ਤੋਂ ਪਹਿਲਾਂ ਹੀ ਕੋਰੀਅਰ ਸਰਵਿਸ ਦੇ ਰਹੀ ਦੁਕਾਨ ਵਿਚ ਫੱਟ ਗਿਆ ਜਿਸ ਕਾਰਨ ਦੁਕਾਨ ਦਾ ਮਾਲਕ ਵਿਕਾਸ ਸੂਦ ਜਖਮੀ ਹੋ ਗਿਆ ਸੀ। ਸ੍ਰੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਉਕਤ ਬੰਬ ਰਾਜਵੀਰ ਰਾਜੇਆਣਾ ਨੇ ਇੰਟਰਨੈੱਟ ਦੇ ਜ਼ਰੀਏ ਕੈਮੀਕਲ ਅਤੇ ਪਟਾਕਿਆਂ ਵਿਚ ਚੱਲਣ ਵਾਲਾ ਬਾਰੂਦ, ਮੇਖਾਂ ਅਤੇ ਹੋਰ ਜੰਗਾਲੀ ਹੋਈ ਸਮੱਗਰੀ ਨਾਲ ਜਲੰਧਰ ਵਿਖੇ ਇਕ ਕਿਰਾਏ ‘ਤੇ ਲਏ ਇਕ ਲਾਜ ਵਿਚ ਤਿਆਰ ਕੀਤਾ ਸੀ। ਦੋਸ਼ੀ ਰਾਜਵੀਰ ਰਾਜੇਆਣਾ ਨੂੰ ਅੱਜ ਮੋਗਾ ਅਦਾਲਤ ਪੇਸ ਕੀਤਾ ਗਿਆ ਜਿੱਥੇ ਅਦਾਲਤ ਨੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਮੌਕੇ ਉਨਾਂ ਨਾਲ ਡੀ. ਆਈ. ਜੀ. ਗੁਰਪ੍ਰੀਤ ਸਿੰਘ ਤੂਰ ਅਤੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ ਵੀ ਹਾਜਰ ਸਨ ।