ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਸਕੀਮ ਲਈ ਐੱਸ.ਸੀ/ਓ.ਬੀ.ਸੀ ਵਿਦਿਆਰਥੀ 15 ਅਕਤੂਬਰ ਤੱਕ ਪੋਰਟਲ ‘ਤੇ ਅਪਲਾਈ ਕਰ ਸਕਣਗੇ-ਡਿਪਟੀ ਕਮਿਸ਼ਨਰ

ਮੋਗਾ 4 ਅਕਤੂਬਰ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਨੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਫਾਰ ਐੱਸ.ਸੀਜ਼/ਓ.ਬੀ.ਸੀਜ਼ ਅਤੇ ਘੱਟ ਗਿਣਤੀ ਵਰਗ ਸਕਾਲਰਸ਼ਿਪ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਵਰਗਾਂ ਨਾਲ ਸਬੰਧਤ ਵਿਦਿਆਰਥੀ ਵਿਦਿਅਕ ਸੈਸ਼ਨ 2018-19 ਲਈ 15 ਅਕਤੂਬਰ, 2018 ਤੱਕ ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨਾਂ ਦੱਸਿਆ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਫਾਰ ਐੱਸ.ਸੀਜ਼ ਅਧੀਨ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀ, ਜਿਨਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਭਾਰਤ ਵਿੱਚ ਉਚੇਰੀ ਵਿੱਦਿਆ ਦੇ ਵਜ਼ੀਫੇ ਦੇ ਯੋਗ ਹਨ। ਉਨਾਂ ਹੋਰ ਦੱਸਿਆ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਫਾਰ ਓ.ਬੀ.ਸੀਜ਼ ਅਧੀਨ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ, ਜਿਨਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਾਲਾਨਾ ਆਮਦਨ 1.00 ਲੱਖ ਰੁਪਏ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਅਤੇ ਉਚੇਰੀ ਵਿਦਿਆ ਦੇ ਵਜ਼ੀਫੇ  ਲਈ ਯੋਗ ਹਨ। ਇਸ ਮੌਕੇ ਜਿਲਾ ਭਲਾਈ ਅਫਸਰ, ਹਰਪਾਲ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਸਕਾਲਰਸ਼ਿਪ ਸਕੀਮਾਂ ਲਈ ਯੋਗ ਵਿਦਿਆਰਥੀ ਭਲਾਈ ਵਿਭਾਗ ਦੀ ਵੈੱਬਸਾਈਟwww.punjabscholarships.gov.in ਅਤੇ ਡਾ: ਅੰਬੇਦਕਰ ਸਕਾਲਰਸ਼ਿਪ ਪੋਰਟਲ ‘ਤੇ ਮਿਤੀ 15 ਅਕਤੂਬਰ 2018 ਤੱਕ ਅਪਲਾਈ ਕਰਕੇ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਸਕਦੇ ਹਨ। ਉਨਾਂ ਦੱਸਿਆ ਕਿ ਆਨਲਾਈਨ ਅਪਲਾਈ ਕਰਨ ਲਈ ਵਿਦਿਆਰਥੀ ਪਾਸ ਆਪਣਾ ਆਧਾਰ ਨੰਬਰ ਹੋਣਾ ਜ਼ਰੂਰੀ ਹੈ ਅਤੇ ਵਿਦਿਆਰਥੀ ਇੱਕ ਤੋਂ ਵੱਧ ਸੰਸਥਾਵਾਂ ਵਿੱਚ ਰਜਿਸਟਰ/ਅਪਲਾਈ ਨਹੀਂ ਕਰ ਸਕਦਾ। ਜ਼ਿਲਾ ਭਲਾਈ ਅਫ਼ਸਰ ਨੇ ਅੱਗੇ ਦੱਸਿਆ ਕਿ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ-ਕਮ-ਮੀਨਸ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਘੱਟ ਗਿਣਤੀ ਵਰਗ ਨਾਲ ਸਬੰਧਿਤ ਸਰਕਾਰੀ/ਗੈਰ ਸਰਕਾਰੀ ਮਾਨਤਾ ਪ੍ਰਾਪਤ ਸਮੂਹ ਵਿਦਿਅਕ ਸੰਸਥਾਵਾਂ ਤੋਂ ਵਿਦਿਅਕ ਸੈਸ਼ਨ 2018-19 ਲਈ ਆਨਲਾਈਨ ਦਰਖਾਸਤਾਂ ਨੈਸ਼ਨਲ ਸਕਾਲਰਸ਼ਿਪ ਪੋਰਟਲ  www.scholarships.gov. in  ਤੇ ਅਪਲਾਈ ਕਰਨ ਦੀ ਆਖਰੀ ਮਿਤੀ 30 ਸਤੰਬਰ, 2018 ਤੱਕ ਸੀ, ਜਿਸ ਵਿੱਚ ਹੁਣ 31 ਅਕਤੂਬਰ, 2018 ਤੱਕ ਵਾਧਾ ਕੀਤਾ ਗਿਆ ਹੈ। ਉਨਾਂ ਵਿਦਿਅਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਸੰਸਥਾਵਾਂ ਆਪਣੇ ਪੱਧਰ ‘ਤੇ ਵੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਵਾਉਣ ਵਿੱਚ ਮੱਦਦ ਕਰਨ।