ਟਰੱਕ ਅਪਰੇਟਰਾਂ ਦੀ ਏਕਤਾ ਨਾਲ ਮੰਦੀ ਦਾ ਦੌਰ ਖਤਮ ਹੋਣ ਦੀ ਬੱਝੀ ਆਸ : ਭਾਈ ਰਾਹੁਲ ਸਿੰਘ ਸਿੱਧੂ
ਕੋਟਕਪੂਰਾ, 4 ਅਕਤੂਬਰ (ਟਿੰਕੂ ਪਰਜਾਪਤੀ) :- ਭਾਵੇਂ ਲੰਮਾ ਸਮਾਂ ਟਰੱਕ ਯੂਨੀਅਨ ’ਚ ਬਿਖੇੜਾ ਪਿਆ ਰਹਿਣ ਕਰਕੇ ਟਰੱਕ ਅਪ੍ਰੇਟਰਾਂ ਨੂੰ ਮੰਦੀ ਦੇ ਦੌਰ ’ਚੋਂ ਗੁਜਰਨਾ ਪਿਆ, ਨੁਕਸਾਨ ਉਠਾਉਂਦਿਆਂ ਟਰੱਕ ਅਪ੍ਰੇਟਰ ਸੰਤਾਪ ਭੋਗਣ ਲਈ ਮਜਬੂਰ ਹੋਏ ਪਰ ਹੁਣ ਏਕਤਾ ਹੋਣ ਨਾਲ ਟਰੱਕ ਅਪ੍ਰੇਟਰਾਂ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਹੋਣੀ ਸੁਭਾਵਿਕ ਹਨ। ਸਥਾਨਕ ਮੋਗਾ ਸੜਕ ’ਤੇ ਸਥਿੱਤ ਟਰੱਕ ਯੂਨੀਅਨ ਦੀ ਨਵੀਂ ਸ਼ੁਰੂਆਤ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਆਖਿਆ ਕਿ ਹੁਣ ਭਵਿੱਖ ’ਚ ਕਿਸੇ ਵੀ ਟਰੱਕ ਅਪ੍ਰੇਟਰ ਨੂੰ ਵਿਵਾਦ ਵਾਲੀ ਕਿਸੇ ਗੱਲ ਦਾ ਸਾਹਮਣਾ ਕਰਨ ਦੀ ਨੌਬਤ ਨਹੀਂ ਆਉਣ ਦਿੱਤੀ ਜਾਵੇਗੀ। ਟਰੱਕ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਮਹਾਸ਼ਾ ਗੁਰਸ਼ਵਿੰਦਰ ਸਿੰਘ ਬਰਾੜ ਨੇ ਸਮੂਹ ਟਰੱਕ ਅਪੇ੍ਰਟਰਾਂ ਅਤੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨਾਂ ਦਾ ਪਹਿਲਾ ਕੰਮ ਟਰੱਕ ਅਪ੍ਰੇਟਰਾਂ ਅਤੇ ਵਪਾਰੀਆਂ ਦਰਮਿਆਨ ਭਾੜੇ ਨੂੰ ਲੈ ਕੇ ਪੈਦਾ ਹੋਈਆਂ ਗਲਤਫਹਿਮੀਆਂ ਦੂਰ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਟਰੱਕ ਯੂਨੀਅਨ ਨੂੰ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਨਾਲ ਨਜਿੱਠਿਆ ਜਾਵੇਗਾ। ਉਨਾ ਦੱਸਿਆ ਕਿ ਟਰੱਕ ਯੂਨੀਅਨ ਦਾ ਪਿਛਲੇ 10 ਸਾਲਾਂ ਦਾ ਕਰੀਬ 8 ਲੱਖ ਰੁਪਏ ਬਿਜਲੀ ਦਾ ਬਕਾਇਆ, ਇਮਾਰਤ ਦਾ ਬੁਰਾ ਹਾਲ, 1000 ਦੇ ਕਰੀਬ ਡਰਾਈਵਰ ਤੇ ਕੰਡਕਟਰ ਹੋਣ ਦੇ ਬਾਵਜੂਦ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਮੁੱਢਲੀਆਂ ਲੋੜਾਂ ਤੇ ਸਮੱਸਿਆਵਾਂ ਹਨ, ਜਿੰਨਾਂ ਨੂੰ ਦੂਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਹਾਸ਼ਾ ਲਖਵੰਤ ਸਿੰਘ ਬਰਾੜ, ਗੁਰਿੰਦਰ ਸਿੰਘ ਮਹਿੰਦੀਰੱਤਾ, ਰਜਿੰਦਰ ਸਿੰਘ ਸਰਾਂ, ਰਾਜੀਵ ਕੁਮਾਰ ਜੀਵਾ ਦਿਉੜਾ, ਸੁਰਿੰਦਰ ਦਿਉੜਾ, ਸੰਦੀਪ ਕਟਾਰੀਆ, ਮਹੇਸ਼ ਕਟਾਰੀਆ, ਮਨਜੀਤ ਗੋਇਲ, ਗੋਰਾ ਗਿੱਲ ਸਮੇਤ ਭਾਰੀ ਗਿਣਤੀ ’ਚ ਪਤਵੰਤੇ ਹਾਜਰ ਸਨ।