ਭਾਰਤ ਭੂਸ਼ਨ ਆਸ਼ੂ ਨੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਮੁੜ ਪੜਤਾਲ ਕਰਨ ਦੇ ਦਿੱਤੇ ਹੁਕਮ

ਚੰਡੀਗੜ, 4 ਅਕਤੂਬਰ(ਪੱਤਰ ਪਰੇਰਕ): ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ‘ਸਮਾਰਟ ਰਾਸ਼ਨ ਕਾਰਡ ਸਕੀਮ’ (ਐਨਐਫਐਸਏ, 2013) ਅਧੀਨ ਆਉਂਦੇ ਯੋਗ ਲਾਭਪਾਤਰੀਆਂ ਦੀ ਮੁੜ ਪੜਤਾਲ ਕਰਵਾਉਣ ਲਈ ਕਿਹਾ ਹੈ। ਸ੍ਰੀ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਮੁਤਾਬਕ ਯੋਗ ਲਾਭਪਾਤਰੀਆਂ ਦੀ ਤੁਰੰਤ ਪ੍ਰਭਾਵ ਨਾਲ ਮੁੜ ਪੜਤਾਲ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਵਿੱਚ 1,41,45,000 ਲਾਭਪਾਤਰੀ (35.26 ਲੱਖ ਪਰਿਵਾਰ) ਇਸ ਸਕੀਮ ਦਾ ਲਾਭ ਲੈ ਰਹੇ ਹਨ। ਉਨਾਂ ਕਿਹਾ ਕਿ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਦੇ ਘੇਰੇ ਵਿੱਚ ਲਿਆ ਗਿਆ ਹੈ ਅਤੇ ਉਹ ਹੀ ਇਸ ਸਕੀਮ ਅਧੀਨ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਲੈ ਰਹੇ ਹਨ, ਜਿਸ ਕਾਰਨ ਮੁੜ ਪੜਤਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਅਯੋਗ ਲਾਭਪਾਤਰੀਆਂ ਦਾ ਪਤਾ ਲਾਇਆ ਜਾ ਸਕੇ। ਖੁਰਾਕ ਤੇ ਸਪਲਾਈ ਮੰਤਰੀ ਨੇ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਇਸ ਗੱਲ ਦਾ ਪਤਾ ਲਾਉਣਗੇ ਕਿ ਲਾਭਪਾਤਰੀਆਂ ਦੀ ਚੋਣ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਯੋਗਤਾ ਮਾਪਦੰਡਾਂ ਮੁਤਾਬਕ ਹੋਈ ਜਾਂ ਨਹੀਂ। ਲਾਭਪਾਤਰੀਆਂ ਨੂੰ ਹੁਣ ਸਬੰਧਤ ਡੀ.ਸੀ./ਐਸ.ਡੀ.ਐਮਜ਼. ਕੋਲ ਤੈਅ ਪ੍ਰੋਫਾਰਮੇ ਮੁਤਾਬਕ ਅਰਜ਼ੀ ਦੇਣੀ ਪਵੇਗੀ। ਇਸ ਤੋਂ ਇਲਾਵਾ ਲਾਭਪਾਤਰੀਆਂ ਨੂੰ ਈ-ਪੋਸ (ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ) ਨਾਲ ਅਨਾਜ ਵੰਡ ਪ੍ਰਕਿਰਿਆ ਦੌਰਾਨ ‘ਆਧਾਰ’ ਪ੍ਰਮਾਣੀਕਰਨ ਲਈ ਆਧਾਰ ਨੰਬਰ ਦੀ ਵਰਤੋਂ ਦੀ ਵੀ ਪ੍ਰਵਾਨਗੀ ਦੇਣੀ ਪਵੇਗੀ।