ਪਿੰਡ ਖੋਸਾ ਪਾਂਡੋ ਵਿਖੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਹਾੜੀ ਦੀਆਂ ਫ਼ਸਲਾਂ ਸਬੰਧੀ ਜ਼ਿਲਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ

ਮੋਗਾ/ਖੋਸਾ ਪਾਂਡੋ,4 ਅਕਤੂਬਰ (ਜਸ਼ਨ) :ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮਹੁੱਈਆ ਕਰਵਾਉਣ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਆਉਂਦੇ ਸਾਲ ਇਹ ਰਾਸ਼ੀ ਵਧਾ ਕੇ 350 ਕਰੋੜ ਰੁਪਏ ਕੀਤੀ ਜਾਵੇਗੀ।ਇਹ ਪ੍ਰਗਟਾਵਾ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ. ਕਾਹਨ ਸਿੰਘ ਪੰਨੂ ਆਈ.ਏ.ਐਸ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲਂੋ ਆਤਮਾ ਸਕੀਮ ਅਧੀਨ ਸੰਤ ਬਾਬਾ ਗੁਰਮੀਤ ਸਿੰਘ ਜੀ ਦੇ ਸਹਿਯੋਗ ਨਾਲ ਪਿੰਡ ਖੋਸਾ ਪਾਂਡੋ ਵਿਖੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਹਾੜੀ ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਆਯੋਜਿਤ ਜ਼ਿਲਾ ਪੱਧਰੀ ਕਿਸਾਨ ਮੇਲੇ ਦੇ ਉਦਘਾਟਨ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕਿਸਾਨ ਮੇਲੇ ਵਿੱਚ ਜ਼ਿਲੇ ਦੇ ਤਕਰੀਬਨ 2,000 ਕਿਸਾਨਾਂ ਨੇ ਭਾਗ ਲਿਆ ਅਤੇ ਇਸ ਗੱਲ ਦੀ ਹਾਮੀ ਭਰੀ ਕਿ ਉਹ ਇਸ ਸਾਲ ਤੋਂ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣਗੇ ਅਤੇ ਆਧੁਨਿਕ ਤਕਨੀਕਾਂ ਵਰਤ ਕੇ ਜ਼ਮੀਨ ਵਿਚ ਹੀ ਵਾਹੁਣਗੇ।ਇਸ ਮੇਲੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਵਿਸੇਸ਼ ਤੌਰ ‘ਤੇ ਸਮੂਲੀਅਤ ਕੀਤੀ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫਸਲ ਬੀਜੀ ਜਾਂਦੀ ਹੈ ਅਤੇ 2.5 ਕਰੋੜ ਟਨ ਝੋਨੇ ਦੀ ਪਰਾਲੀ ਅੱਗ ਦੀ ਭੇਂਟ ਚੜ ਜਾਂਦੀ ਹੈ। ਉਨਾਂ ਕਿਹਾ ਕਿ ਪਰਾਲੀ ਸਾੜਨ ਨਾਲ ਅੱਗ ਦੀਆਂ ਲਪਟਾਂ ਤੋਂ ਉਠਣ ਵਾਲਾ ਧੂੰਆਂ ਗਰਭ ਵਿੱਚ ਪਲ ਰਹੇ ਬੱਚੇ ਤੋਂ ਲੈ ਕੇ 6 ਸਾਲ ਦੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਅਤੀ ਘਾਤਕ ਸਿੱਧ ਹੁੰਦਾ ਹੈ। ਉਨਾਂ ਦੱਸਿਆ ਕਿ ਧੂੰਏ ਨਾਲ ਪ੍ਰਦੂਸ਼ਿਤ ਹਵਾ ਕਾਰਨ ਸਾਡੇ ਬੱਚਿਆਂ ਤੇ ਬਜ਼ੁਰਗਾਂ ਨੂੰ ਅਨੇਕਾਂ ਤਰਾਂ ਦੀਆਂ ਬਿਮਾਰੀਆਂ ਤੇ ਮੁਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੀਵ-ਜੰਤੂਆਂ ਦਾ ਵੀ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਸਾੜਨ ਨਾਲ ਕੀਮਤੀ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਸ. ਪਨੂੰ ਨੇ ਕਿਸਾਨਾਂ ਨੂੰ ਆਬੋ-ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਰਾਹੀਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਖਪਤ ਕਰਨ ‘ਤੇ ਜ਼ੋਰ ਦਿੱਤਾ ਜਾਵੇ। ਉਨਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਹੀ ਦਬਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੋਵੇਗਾ, ਉੱਥੇ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਬੇਲੋੜੀਆਂ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ, ਜਿਸ ਨਾਲ ਉਨਾਂ ਦਾ ਖੇਤੀ ਖਰਚਾ ਵੀ ਘਟੇਗਾ। ਉਨਾਂ ਕਿਸਾਨਾਂ ਨੂੰ ਇਸ ਸਾਲ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ੀਰੋ ਪ੍ਰਤੀਸ਼ਤ ‘ਤੇ ਲਿਆਉਣ ਦਾ ਪ੍ਰਣ ਵੀ ਦਿਵਾਇਆ। ਇਸ ਮੌਕੇ ਉਨਾਂ ਖੇਤੀਬਾੜੀ ਵਿਭਾਗ ਵੱਲੋਂ ਲਗਾਈਆਂ ਗਈਆਂ ਸਟਾਲਾਂ ਦਾ ਵੀ ਨਿਰੀਖਣ ਕੀਤਾ। ਉਨਾਂ ਖੇਡਾਂ ਅਤੇ ਵਿਦਿਅਕ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਸ੍ਰੀ ਸੁਖਜੀਤ ਸਿੰਘ ਲੋਹਗੜ ਐਮ.ਐਲ.ਏ ਧਰਮਕੋਟ ਨੇ ਜਿੱਥੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਉਥੇ ਆਧੁਨਿਕ ਖੇਤੀ ਸੰਦਾਂ ਦਾ ਇਸਤੇਮਾਲ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਹਰੇਕ ਸਾਲ ਧੂੰਏ ਕਾਰਨ ਸੜਕ ਹਾਦਸੇ ਵਾਪਰਦੇ ਹਨ, ਜਿਸ ਨਾਲ ਜਿੱਥੇ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ, ਉੱਥੇ ਸੜਕਾਂ ਦੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਨੁਕਸਾਨ ਵੀ ਪਹੁੰਚਦਾ ਹੈ। ਉਨਾਂ ਕਿਹਾ ਕਿ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਕ ਜੇਕਰ ਕਿਸਾਨ ਫ਼ਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਹੀ ਖਪਾ ਦੇਣ ਤਾਂ ਇਸ ਨਾਲ ਜਿੱਥੇ ਜ਼ਮੀਨ ਦੀ ਗੁਣਵਤਾ ਵਧੇਗੀ ਉਥੇ ਬੇਲੋੜੀਆਂ ਖਾਦਾਂ ਪਾਉਣ ਦੇ ਰੁਝਾਨ ਨੂੰ ਵੀ ਠੱਲ ਪਵੇਗੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਲ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਹੈਪੀ ਸੀਡਰ, ਪੈਡੀ ਚੌਪਰ ਵਰਗੇ ਖੇਤੀ ਸੰਦ ਸਬਸਿਡੀ ‘ਤੇ ਦਿੱਤੇ ਜਾ ਰਹੇ ਹਨ। ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਸਾਲ ਬਾਕੀ ਕਿਸਾਨਾਂ ਨੂੰ ਇਸੇ ਰਾਹ ‘ਤੇ ਚੱਲ ਕੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਸਾਨਾਂ ਨੂੰ ਕਿਹਾ ਕਿ ਅਸੀਂ ਬਾਬੇ ਨਾਨਕ ਦੇ ਵਾਰਸ ਹਾਂ ਜੋ ਸਦੀਆਂ ਤੋਂ ਇਸ ਖੇਤੀ ਧੰਦੇ ਵਿਚ ਲੱਗੇ ਹੋਏ ਹਾਂ। ਉਨਾਂ ਕਿਸਾਨਾਂ ਨੂੰ  ਜ਼ਹਿਰ ਰਹਿਤ ਖੇਤੀ ਕਰਨ ਦਾ ਪ੍ਰਣ ਵੀ ਦਿਵਾਇਆ। ਡਾ: ਪਰਮਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਦਾ ਜ਼ਿਕਰ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾ: ਅਮਨਪ੍ਰੀਤ ਸਿੰਘ ਬਰਾੜ ਨੇ ਹਾੜੀ ਦੀਆਂ ਫਸਲਾਂ ਅਤੇ ਨਦੀਨਾਂ ਦੀ ਰੋਕਥਾਮ,  ਡਾ: ਅਰਸ਼ਦੀਪ ਕੌਰ ਨੇ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ,  ਡਾ: ਅੰਕਿਤ ਸ਼ਰਮਾਂ ਨੇ ਖੇਤੀ ਮਸ਼ੀਨਰੀ, ਪਸ਼ੂ ਪਾਲਣ ਵਿਭਾਗ ਤੋਂ ਡਾ: ਹਰਵੀਨ ਕੌਰ ਨੇ ਪਸ਼ੂਆਂ ਸਬੰਧੀ, ਡਾ: ਸੁਖਰਾਜ ਕੌਰ ਨੇ ਹਾੜੀ ਦੀਆਂ ਫਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ: ਬਲਵਿੰਦਰ ਸਿੰਘ ਲੱਖੇਵਾਲੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਹਾ ਕਿ ਕਿਸਾਨ ਵੀਰ ਜ਼ਹਿਰਾਂ ਰਹਿਤ ਖੇਤੀ ਕਰਨ ਤਾਂ ਜੋ ਜੈਵਿਕ ਵਿਭਿੰਨਤਾ ਵਿਚ ਵਿਗਾੜ ਪੈਦਾ ਨਾ ਹੋਵੇ। ਉਨਾਂ ਕੈਂਪ ਵਿਚ ਆਏ ਹੋਏ ਸਾਰੇ ਹੀ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ।  ਸਟੇਜ ਦਾ ਸੰਚਾਲਨ ਸ੍ਰੀ ਪਲਵਿੰਦਰ ਸਿੰਘ ਅਤੇ ਡਾ: ਗੁਰਦੀਪ ਸਿੰਘ ਖੇਤੀਬਾੜੀ ਅਫਸਰ ਮੋਗਾ ਨੇ ਬਾਖੂਬੀ ਨਿਭਾਈ। ਕਿਸਾਨ ਕੈਂਪ ਵਿਚ ਖੇਤੀ ਮਸ਼ੀਨਰੀ, ਨਦੀਨਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਿਸ ਨੂੰ ਕਿਸਾਨਾਂ ਨੇ ਬੜੀ ਤੀਬਰਤਾ ਨਾਲ ਵੇਖਿਆ। ਕੈਂਪ ਵਿਚ ਕਿਸਾਨਾਂ ਦੇ ਵਿਸ਼ਾਲ ਇੱਕਠ ਤੋਂ ਇਲਾਵਾ ਖੇਤੀ ਮਾਹਿਰ ਡਾ: ਸੁਖਦੇਵ  ਸਿੰਘ, ਡਾ: ਹਰਨੇਕ ਸਿੰਘ ਰੋਡੇ, ਡਾ: ਗੁਰਪ੍ਰੀਤ ਸਿੰਘ, ਡਾ: ਜਰਨੈਲ ਸਿੰਘ, ਡਾ: ਮਨਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਸਹਿਬਾਨ, ਡਾ: ਅਮਰਜੀਤ ਸਿੰਘ ਏ.ਡੀ.ਓ ਪੀ.ਪੀ., ਮੋਗਾ, ਡਾ ਗੁਰਬਾਜ ਸਿੰਘ, ਡਾ: ਬਲਜਿੰਦਰ ਸਿੰਘ, ਡਾ: ਧਰਮਵੀਰ ਸਿੰਘ, ਡਾ: ਗੁਰਮਿਸਿੰਘ, ਡਾ: ਤਰਨਜੀਤ ਸਿੰਘ, ਡਾ: ਹਰਪ੍ਰੀਤ ਸਿੰਘ ਸਿੰਘ, ਡਾ: ਗੁਰਲਵਲੀਨ ਸਿੰਘ, ਡਾ: ਤਪਤੇਜ਼ ਸਿੰਘ ਡੀ.ਪੀ.ਡੀ, ਡਾ: ਰਾਜਸਰੂਪ ਸਿੰਘ ਗਿੱਲ ਡੀ.ਪੀ.ਪੀ , ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆਂ ,ਸਾਬਕਾ ਮੈਂਬਰ ਮਾਰਕੀਟ ਕਮੇਟੀ ਜਸਪਾਲ ਸਿੰਘ,ਸਰਪੰਚ ਮੇਜਰ ਸਿੰਘ,ਬਲਵੰਤ ਸਿੰਘ,ਵਿਕਰਮਜੀਤ ਸਿੰਘ,ਪਵਿੱਤਰ ਸਿੰਘ,ਸੰਤ ਬਾਬਾ ਫਤਿਹ ਸਿੰਘ ਯੰਗ ਸਪੋਰਟਸ ਕਲੱਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰ ਅਤੇ ਸਮੂਹ ਖੇਤੀਬਾੜੀ ਵਿਭਾਗ ਅਤੇ ਆਤਮਾ ਸਟਾਫ਼ ਹਾਜ਼ਰ ਸਨ।