ਕੈਪਟਨ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ : ਰਾਣਾ ਸੋਢੀ
ਫਿਰੋਜ਼ਪੁਰ 3 ਅਕਤੂਬਰ (ਸੰਦੀਪ ਕੰਬੋਜ ਜਈਆ) : ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸਾਲ ਦੇ ਅੰਤ ਤੱਕ ਕਿਸਾਨਾਂ ਦੇ ਕਰਜੇ ਮਾਫ ਕਰਨ ਲਈ ਕਾਰਵਾਈ ਮੁਕੰਮਲ ਕਰ ਦਿੱਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸਾਡੇ ਨਾਲ ਫੋਨ ਵਾਰਤਾਲਾਪ ਦੋਰਾਨ ਕੀਤਾ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਗਈ ਹੈ ਕਿ ਐਫ ਸੀ ਆਈ ਰਾਹੀਂ ਪੰਜਾਬ ਵਿੱਚ ਕੀਤੀ ਜਾ ਰਹੀ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ ਵਧਾਈ ਜਾਵੇ ਤਾਂ ਜੋ ਝੋਨੇ ਦੀ ਖਰੀਦ ਵੇਲੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਹੀ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਅਜੇ ਸੱਤਾ ਵਿੱਚ ਆਇਆਂ 18 ਮਹੀਨੇ ਹੀ ਹੋਏ ਹਨ ਅਤੇ ਅਜੇ ਸਾਢੇ 3 ਸਾਲ ਪਏ ਹੋਏ ਹਨ, ਇਸ ਲਈ ਜੋ ਵੀ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ 5 ਸਾਲਾਂ ਦੇ ਵਿੱਚ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 600 ਤੋਂ ਜ਼ਿਆਦਾ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਮਾਰਟਫੋਨ ਦਾ ਵਾਅਦਾ ਵੀ ਇਸੇ ਸਾਲ ਪੂਰਾ ਕੀਤਾ ਜਾਵੇਗਾ। ਰਾਣਾ ਸੋਢੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ਹੋਣ ਪਰ ਪੰਜਾਬ ਵਿੱਚ ਅਮਨ-ਕਾਨੂੰਨ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰਗਾ ਤਾਂ ਉਸ ਲਈ ਪੁਲੀਸ ਕੋਲ ਪੁਖਤਾ ਪ੍ਰਬੰਧ ਹਨ।ਮਹਾਤਮਾ ਗਾਂਧੀ ਦੇ ਜਨਮ ਦਿਨ ਸੰੰਬੰਧੀ ਰਾਣਾ ਸੋਢੀ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਨੌਜਵਾਨਾਂ ਨੂੰ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨਾਲ ਜੋੜਨਾ ਜ਼ਰੂਰੀ ਹੈ। ਮਹਾਤਮਾ ਗਾਂਧੀ ਨੇ ਅਹਿੰਸਾ ਦੇ ਮਾਰਗ ''ਤੇ ਚਲਦਿਆਂ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਅਜਿਹਾ ਕਰਕੇ ਉਨ੍ਹਾਂ ਨੇ ਦੁਨੀਆਂ ਵਿਚ ਇਕ ਮਿਸਾਲ ਕਾਇਮ ਕੀਤੀ। ਉਨ੍ਹਾਂ ਤੋਂ ਬਾਅਦ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਕਈ ਹੋਰਨਾਂ ਦੇਸ਼ਾਂ ਦਿਆਂ ਆਗੂਆਂ ਨੇ ਵੀ ਮਹਾਤਮਾ ਗਾਂਧੀ ਦੇ ਰਾਹ ਤੇ ਚੱਲ ਕੇ ਆਜ਼ਾਦੀ ਹਾਸਿਲ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ।ਰਾਣਾ ਸੋਢੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਵਦੇਸ਼ੀ ਦਾ ਜੋ ਰਾਹ ਦਿਖਾਇਆ ਉਹ ਦੇਸ਼ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ ਤੇ ਮੌਜੂਦਾ ਦੌਰ ਵਿਚ ਵੀ ਇਸ ਰਾਹ ਉੱਤੇ ਚੱਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਰਾਹ ਉੱਤੇ ਚੱਲ ਕੇ ਨੌਜਵਾਨ ਅਮੀਰ ਭਾਰਤੀ ਸੱਭਿਆਚਾਰ ਨਾਲ ਜੁੜਨਗੇ ਅਤੇ ਦੇਸ਼ ਦੀ ਤਰੱਕੀ ਵਿਚ ਵੱਡਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸੱਭਿਆਚਾਰ ਨਾਲ ਜੁੜੇ ਹੋਏ ਨੌਜਵਾਨ ਕਦੇ ਵੀ ਬੁਰਾਈ ਵੱਲ ਨਹੀਂ ਵੱਧਦੇ ਅਤੇ ਸੁਚੱਜੇ ਢੰਗ ਨਾਲ ਆਪਣੀ ਜਿੰਦਗੀ ਜਿਊਂਦੇ ਹਨ।