ਪੰਜਾਬੀ ਫਿਲਮ ਸੰਨ ਆਫ ਮਨਜੀਤ ਸਿੰਘ' ਦੇ ਟਰੇਲਰ ਤੋ ਬਾਅਦ ਬੇਸਬਰੀ ਨਾਲ ਫਿਲਮ ਦੀ ਉਡੀਕ ਵਿਚ ਸਮੂਹ ਪੰਜਾਬੀ

ਫਿਰੋਜ਼ਪੁਰ,3 ਅਕਤੂਬਰ(ਸੰਦੀਪ ਕੰਬੋਜ ਜਈਆ):ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ' ਦਾ ਟਰੇਲਰ ਰਿਲੀਜ਼ ਹੌਣ ਤੋ ਬਾਅਦ ਹੁਣ ਸਮੂਹ ਪੰਜਾਬੀ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਵੇਂ ਇਸ ਤੋਂ ਪਹਿਲਾਂ ਅਨੇਕਾਂ ਪੰਜਾਬੀ ਫਿਲਮਾਂ ਲੋਕਾਂ ਦੇ ਰੂਬਰੂ ਕੀਤੀਆਂ ਗਈਆਂ ਪਰ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਕਹਾਣੀ ਵਿਚ ਪਿਓ - ਪੁੱਤ ਦੇ ਆਪਣੇ ਵੱਖ ਵੱਖ ਸੁਪਨਿਆਂ ਨੂੰ ਪੇਸ਼ ਕੀਤਾ ਗਿਆ ਹੈ ਜਿੰਨਾਂ ਨੂੰ ਦੋਵੇ ਹੀ ਪੂਰਾ ਕਰਨਾ ਚਾਹੁੰਦੇ ਹਨ।ਇਸ ਫਿਲਮ ਦੀ ਕਹਾਣੀ ਵਿਚ ਪਿਉ-ਪੁੱਤ ਦੇ ਪਿਆਰ ਦੇ ਨਾਲ-ਨਾਲ ਦੁਨੀਆ ਦੇ ਕਈ ਹੋਰ ਰੰਗਾਂ ਨੂੰ ਵੀ ਦਿਖਾਇਆ ਗਿਆ ਹੈ। ਫਿਲਮ ਦਾ ਟਰੇਲਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 'ਸੰਨ ਆਫ ਮਨਜੀਤ ਸਿੰਘ' ਕਪਿਲ ਸ਼ਰਮਾ ਦੀ ਪ੍ਰੋਡਕਸ਼ਨ ਵਜੋਂ ਡੈਬਿਊ ਫਿਲਮ ਹੈ। ਇਸ ਫਿਲਮ ਨੂੰ ਕਪਿਲ ਸ਼ਰਮਾ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਮਾਤਾ ਸੁਮੀਤ ਸਿੰਘ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ ਅਤੇ ਵਿਕਰਮ ਗਰੋਵਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ ਦਾ ਸਕ੍ਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਅਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। 'ਸੰਨ ਆਫ ਮਨਜੀਤ ਸਿੰਘ' ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਚਰਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ 'ਸੰਨ ਆਫ ਮਨਜੀਤ ਸਿੰਘ' ਫਿਲਮ ਵਿਚ ਮਨਜੀਤ ਸਿੰਘ ਦਾ ਕਿਰਦਾਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨਿਭਾ ਰਹੇ ਹਨ ਜੋ ਕਿ ਆਪਣੇ ਬੇਟੇ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਹਨ ਅਤੇ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਹੇ ਦਮਨਪ੍ਰੀਤ ਸਿੰਘ ਜੋ ਕਿ ਮਸ਼ਹੂਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੇ ਗੇਂਦਬਾਜ਼ ਹਰਭਜਨ ਸਿੰਘ ਵਾਂਗ ਬਣਨਾ ਚਾਹੁੰਦਾ ਹੈ ਅਤੇ ਪੜ੍ਹਾਈ ਵਿਚੋ ਬਿਲੱਕੁਲ ਜੀਰੋ ਹੈ।ਇਸ ਫਿਲਮ ਵਿਚ ਪਿਤਾ ਦੀ ਆਰਥਿਕ ਹਾਲਤ ਨੂੰ ਕਮਜੋਰ ਦਿਖਾਇਆ ਗਿਆ ਹੈ ਜੋ ਕਿ ਆਪਣੇ ਬੇਟੇ ਦੀ ਪੜ੍ਹਾਈ ਲਈ ਕਰਜਾ ਚੁੱਕ ਰਿਹਾ ਪਰ ਬੇਟਾ ਆਪਣੀ ਵੱਖਰੀ ਚਾਹਤ ਨੂੰ ਲੈ ਕੇ ਪੜਾਈ ਵੱਲ ਬਿਲੱਕੁਲ ਵੀ ਧਿਆਨ ਨਹੀਂ ਦੇ ਰਿਹਾ।12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਹੁਣ ਦੇਖਣਾ ਇਹ ਹੋਵੇਗਾ ਕਿ ਪਿਤਾ ਦੇ ਸੁਪਨੇ ਪੂਰੇ ਹੁੰਦੇ ਹਨ ਜਾ ਫਿਰ ਬੇਟੇ ਦੀ ਚਾਹਤ ਪੂਰੀ ਹੁੰਦੀ ਹੈ।ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ ਤੇ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਵਿਚ ਇਸ ਤਰ੍ਹਾਂ ਦੀ ਕਹਾਣੀ ਪਹਿਲੀ ਵਾਰ ਪਰਦੇ 'ਤੇ ਪੇਸ਼ ਕੀਤੀ ਜਾ ਰਹੀ ਹੈ, ਜਿਸ ਵਿਚ ਇਕ ਆਮ ਵਿਅਕਤੀ ਆਪਣੇ ਬੇਟੇ ਲਈ ਹਰ ਖੁਸ਼ੀਆਂ ਖਰੀਦ ਕੇ ਉਸ ਦੀ ਝੋਲੀ ਵਿਚ ਪਾਉਣਾ ਚਾਹੁੰਦਾ ਹੈ ਅਤੇ ਬਦਲੇ ਵਿਚ ਉਸ ਤੋਂ ਇਨਵੈਸਟਮੈਂਟ ਬੈਂਕਰ ਬਣਨਾ ਲੋਚਦਾ ਹੈ। ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਵਿਚ ਕਾਮੇਡੀ ਦੇ ਬਾਦਸ਼ਾਹ ਗੁਰਪ੍ਰੀਤ ਸਿੰਘ ਵੜੈਚ ਦੀ ਲੁੁੱਕ ਵੀ ਕਾਫੀ ਪ੍ਰਭਾਵਿਤ ਕਰਦੀ ਹੈ।

ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਫੋਨ ’ਤੇ ਗੱਲਬਾਤ ਕਰਦਿਆਂ ਗੁਰਪ੍ਰੀਤ ਘੁੱਗੀ ਨੇ ਆਖਿਆ ਕਿ ਇਹ ਫਿਲਮ ਪਰਿਵਾਰਕ ਮੈਂਬਰਾਂ ਨੂੰ ਤਾਂ ਦੇਖਣੀ ਹੀ ਚਾਹੀਦੀ ਹੈ ਸਗੋਂ ਸਕੂਲਾਂ ਵਿਚ ਮਾਪੇ ,ਵਿਦਿਆਰਰਥੀ ਅਤੇ ਅਧਿਆਪਕਾਂ ਨੂੰ ਇਕੱਠਿਆਂ ਇਹ ਫਿਲਮ ਦੇਖਣ ਦੀ ਲੋੜ ਹੈ ਤਾਂ ਕਿ ਬੱਚਿਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਠੋਸ ਹੱੱਲ ਕੱਢਿਆ ਜਾ ਸਕੇ। ਇਹ ਪੁੱਛੇ ਜਾਣ ’ਤੇ ਕਿ ਅਦਾਕਾਰੀ ਤੋਂ ਸਿਆਸਤ ਤੇ ਫਿਰ ਮੁੜ ਅਦਾਕਾਰੀ ਦਾ ਸਫ਼ਰ ਕਿਵੇਂ ਰਿਹਾ ਦੇ ਜਵਾਬ ਵਿਚ ਗੁਰਪ੍ਰੀਤ ਨੇ ਆਖਿਆ ਕਿ ਉਹ ਇਕ ਮਿਸ਼ਨ ਦੇ ਤੌਰ ’ਤੇ ਆਮ ਆਦਮੀ ਪਾਰਟੀ ਵਿਚ ਗਏ ਸਨ ਤੇ ਜੇ ਸਫ਼ਲ ਹੋ ਜਾਂਦੇ ਤਾਂ ਵੀ ਵਾਪਸ ਮੁੜਨਾ ਤੈਅ ਸੀ ਤੇ ਹੁਣ ਵੀ ਉਹ ਅਦਾਕਾਰੀ ਦੇ ਖੇਤਰ ਵਿਚ ਪੂਰੀ ਤਰਾਂ ਸੰਤੁਸ਼ਟ ਹਨ ।    

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।