ਪੰਜਾਬ ਕੈਬਿਨਟ ਵੱਲੋਂ ਐੱਸ.ਐੱਸ.ਏ ,ਰਮਸਾ ,ਆਦਰਸ਼ ਮਾਡਲ ਸਕੂਲ ਅਧਿਆਪਕਾਂ ਨੂੰ 15000 ‘ਤੇ ਰੈਗੂਲਰ ਕਰਨ ਦਾ ਹਰ ਪਾਸੇ ਵਿਰੋਧ, ਤਨਖਾਹ 42800 ਤੋਂ ਘਟਾ ਕੇ 15000 ਕਰਨ ਦੇ ਵਿਰੋਧ ‘ਚ ਮਰਨ ਵਰਤ 7 ਅਕਤੂਬਰ ਨੂੰ ਪਟਿਆਲਾ ਤੋਂ
ਮੋਗਾ,3 ਅਕਤੂਬਰ (ਜਸ਼ਨ):-ਪੰਜਾਬ ਕੈਬਿਨਟ ਵੱਲੋਂ ਐੱਸ.ਐੱਸ.ਏ. ਰਮਸਾ ਆਦਰਸ਼ ਮਾਡਲ ਸਕੂਲ ਅਧੀਨ ਕੰਮ ਕਰਦੇ 8886 ਅਧਿਆਪਕਾਂ ਦੀ ਤਨਖਾਹ 3 ਸਾਲ ਲਈ 42,800 ਤੋਂ ਘਟਾ ਕੇ 15000 ਰੁ: ਕਰਕੇ ਅਧਿਆਕਾਂ ਨੂੰ ਰੈਗੂਲਰ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਹੈ । ਪੰਜਾਬ ਸਰਕਾਰ ਦੇ ਇਸ ਮੁਲਾਜਮ ਵਿਰੋਧੀ ਫੈਸਲੇ ਦੇ ਵਿਰੋਧ ਵਿੱਚ ਐੱਸ.ਐੱਸ.ਏ / ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ ਵੱਲੋਂ ਸਥਾਨਕ ਚੌਂਕ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕੀ ਗਈ। ਅਧਿਆਪਕ ਆਗੂ ਜ਼ਿਲਾ ਪ੍ਰਧਾਨ ਜਤਿੰਦਰਪਾਲ ਸਿੰਘ ਅਧਿਆਪਕ ਦਲ, ਗੁਰਪ੍ਰੀਤ ਸਿੰਘ ਅੰਮੀਵਾਲ ਸੂਬਾ ਜਨਰਲ ਸਕੱਤਰ ਐਸ.ਐਸ.ਏ/ਰਮਸਾ,ਦਿਗਵਿਜੇਪਾਲ ਪ੍ਰਧਾਨ, ਕੇਵਲ ਸਿੰਘ ਜੀ.ਟੀ.ਯੂ, ਗੁਰਮੀਤ ਸਿੰਘ 5178 ਮਾਸਟਰ ਕੇਡਰ ਨੇ ਕਿਹਾ ਕਿ ਐੱਸ.ਐਸ.ਏ.ਰਮਸਾ ਮਾਡਲ ਆਦਰਸ਼ ਸੁਸਾਇਟੀਆਂ ਅਧੀਂਨ 8886 ਅਧਿਆਪਕ ਲੱਗਭੱਗ ਪਿਛਲੇ 10 ਸਾਲਾਂ ਤੋਂ ਸੂਬੇ ਦੇ ਵੱਖ ਵੱਖ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਜੱਥੇਬੰਦੀ ਕੋਲ ਉਪਲੱਬਧ ਲੱਗਭੱਗ ਅੱਧੀ ਦਰਜਨ ਦਸਤਾਵੇਜ ,ਅਧਿਆਪਕਾਂ ਦਾ ਵੱਖਰਾ ਕਾਡਰ ਬਣਾਉਣ ਦੀ ਮਨਾਹੀ ਦੇ ਨਾਲ ਨਾਲ ,ਸਮੂਹ ਅਧਿਆਪਕਾਂ ਲਈ ਇੱਕੋ ਜਿਹੀਆ ਸੇਵਾ ਸ਼ਰਤਾਂ ਅਤੇ ਇੱਕੋ ਜਿਹੀਆਂ ਸਹੂਲਤਾਂ ਦੀ ਗਵਾਹੀ ਭਰਦੇ ਹਨ। ਪਰ ਪੰਜਾਬ ਸਰਕਾਰ ਨੇ ਇਨਾਂ ਦਸਤਾਵੇਜ਼ਾਂ ਕਾਨੂੰਨਾਂ ਨੂੰ ਲਾਂਬੂ ਲਾ ਕੇ ਇਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 75 ਪ੍ਰਤੀਸ਼ਤ ਤੱਕ ਦੀ ਕਟੌਤੀ ਕਰਕੇ 15000 ਰੁ ਤੇ ਰੈਗੂਲਰ ਕਰਨ ਦਾ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈੈ ਜਿਸ ਨਾਲ ਸਿਰਫ ਇਹ 8886 ਅਧਿਆਪਕ ਹੀ ਨਹੀਂ ਸਗੋਂ ਇਹਨਾਂ ਅਧਿਆਪਕਾਂ ਤੇ ਪੂਰੀ ਤਰਾਂ ਨਿਰਭਰ ਇਹਨਾਂ ਦੇ ਪਰਿਵਾਰ ਵੀ ਬੁਰੀ ਤਰਾਂ ਪ੍ਰਭਾਵਿਤ ਹੋਣਗੇ ਹਨ। ਲੋਨ ਦੀਆਂ ਕਿਸ਼ਤਾ ਵਿੱਚ ਡੁੱਬੇ ਜਿਆਦਾਤਰ ਅਧਿਆਪਕ ਆਰਥਿਕ ਸੰਕਟ ਵਿੱਚ ਫਸ ਕੇ ਖੁਸਕੁਸ਼ੀਆਂ ਦੇ ਰਾਹ ਪੈਣਗੇ। ਸੂਬੇ ਦੀ ਕਾਂਗਰਸ ਸਰਕਾਰ 3 ਅਕਤੂਬਰ ਦੀ ਕੈਬਨਿਟ ਮੀਟਿੰਗ ਵਿੱਚ ਝੂਠੇ ਆਕੜਿਆਂ ਨੂੰ ਆਧਾਰ ਬਣਾ ਕੇ 75 ਪ੍ਰਤੀਸ਼ਤ ਕਟੌਤੀ ਕਰਨ ਦਾ ਅਸੰਵਿਧਾਨਿਕ ਫੈਸਲਾ ਲੈ ਕੇ ਆਈ ਹੈ ਇਸ ਤੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਅਧਿਆਪਕ ਮੋਰਚੇ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ “15000 ਨਾਲ ਵੀ ਮਰ ਜਾਵਾਂਗੇ,ਸਰਕਾਰ ਦੇ ਸਿਰ ਚੜ ਮਰਕੇ ਸਾਰਾ ਦੇਸ਼ ਜਗਾਵਾਂਗੇ“ ਦਾ ਨਾਅਰਾ ਬੁਲੰਦ ਕਰਦਿਆਂ ਸਮੂਹਿਕ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।ਸਿੱਖਿਆ ਵਿਭਾਗ ਵਿੱਚ ਦਸ ਸਾਲ ਨਿਭਾਈਆਂ ਸੇਵਾਵਾਂ ਦਾ ਹਵਾਲਾ ਦਿੰਦਿਆਂ ਅਧਿਆਪਕ ਆਗੂ ਜੱਜਪਾਲ ਬਾਜੇਕੇ ਅਤੇ ਨਵਦੀਪ ਬਾਜਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨਾਂ ਨੇ ਆਪਣੇ ਜੀਵਨ ਦਾ ਸੁਨਹਿਰੀ ਸਮਾਂ ਇਸ ਵਿਭਾਗ ਨੂੰ ਦਿੱਤਾ ਹੈ ਤੇ ਅੱਜ ਜਦੋਂ ਉਹ ਬਾਲ ਬੱਚਿਆਂ ਵਾਲੇ ਹੋ ਚੁੱਕੇ ਹਨ ਅਤੇ ਉਨਾਂ ਦੇ ਮਾਪੇ ਬਿਰਧ ਅਵਸਥਾ ਵਿੱਚ ਹਨ ਤਾਂ ਸਰਕਾਰ ਉਨਾਂ ਦੇ ਪਰਿਵਾਰਾਂ ਦਾ ਗਲਾ ਘੁੱਟਣ ਲਈ ਬਿਲਕੁਲ ਲੋਕ ਵਿਰੋਧੀ ਨੀਤੀ ਲਿਆ ਰਹੀ ਹੈ ਜਿਸ ਨੂੰ ਮਨਜ਼ੂਰ ਕਰਨਾ ਅਧਿਆਪਕਾਂ ਲਈ ਕਿਸੇ ਵੀ ਰੂਪ ਵਿੱਚ ਸੰਭਵ ਨਹੀਂ ਹੈ।ਉਨਾਂ ਸਮਾਜ ਦੇ ਵੱਖ ਵੱਖ ਤਬਕਿਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੁਆਰਾ ਇਸ ਤਰਾਂ ਲੋਕਤੰਤਰ ਦਾ ਗਲਾ ਘੁੱਟ ਕੇ ਮਨਮਰਜ਼ੀ ਦੀਆਂ ਨੀਤੀਆਂ ਥੋਪਣ ਦਾ ਵਧ ਰਿਹਾ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਰ ਹਿੱਸੇ ਲਈ ਨੁਕਸਾਨਦੇਹ ਹੋਵੇਗਾ ਇਸ ਲਈ ਸਮਾਜ ਦੇ ਹਰੇਕ ਹਿੱਸੇ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਹਿੱਤਾਂ ਅਤੇ ਸਿਹਤ ਅਤੇ ਸਿੱਖਿਆ ਜਿਹੀਆਂ ਸੁਵਿਧਾਵਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ। ਅਧਿਆਪਕ ਆਗੂਆਂ ਨੇ ਆਖਿਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕਟੌਤੀ ਕਰਨ ਲਈ ਖਜ਼ਾਨੇ ਦੀ ਕਮਜ਼ੋਰ ਹਾਲਤ ਨੂੰ ਆਧਾਰ ਬਣਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਕੁਰਸੀ ਦੇ ਨਸ਼ੇ ਵਿੱਚ ਆਪਣੇ ਚਹੇਤਿਆਂ ਨੂੰ ਚੇਅਰਮੈਨੀਆਂ ਵੰਡਣ ਲਾਭ ਦੇ ਅਹੁਦੇ ਦੇਣ ਅਤੇ ਤਨਖ਼ਾਹਾਂ ਤੇ ਭੱਤਿਆਂ ਵਿੱਚ ਨਿੱਤ ਵਾਧਾ ਕਰਨ ਵਿੱਚ ਰਤਾ ਭਰ ਵੀ ਗੁਰੇਜ਼ ਨਹੀਂ ਕਰ ਰਹੀ। ਅਧਿਆਪਕਾਂ ਨੇੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਉਣ ਵਾਲੀ ਕੈਬਨਿਟ ਦੌਰਾਨ ਇਸ ਤਰੀਕੇ ਨਾਲ ਕੀਤੇ ਜਾ ਰਹੇ ਆਪਣੇ ਤਾਨਾਸ਼ਾਹੀ ਖ਼ੈਸਲਿਆਂ ਨੂੰ ਤੁਰੰਤ ਰੱਦ ਕਰਕੇ ਅਧਿਆਪਕਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਿਨਾਂ ਵਿੱਚ ਮੁੱਖ ਮੰਗ ਉਨਾਂ ਨੂੰ ਪੂਰੀਆਂ ਤਨਖਾਹਾਂ ਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨਾ ਸ਼ਾਮਿਲ ਹੈ ਤੁਰੰਤ ਲਾਗੂ ਕਰੇ। ਇਸ ਸਮੇਂ ਅਧਿਆਪਕ ਆਗੂਆਂ ਵੱਲੋਂ ਐੱਸ.ਐੱਸ.ਏ.ਰਮਸਾ.ਮਾਡਲਆਦਰਸ਼ ਸੁਸਾਇਟੀਆਂ ਅਧੀਂਨ ਪੰਜਾਬ ਭਰ ਵਿੱਚ ਕੰਮ ਕਰ ਰਹੇ ਸਮੂਹ ਅਧਿਆਪਕਾਂ ਨੂੰ ਪਟਿਆਲਾ ਮਰਨ ਵਰਤ ਦੀਆਂ ਤਿਆਰੀਆਂ ਲਈ ਲਾਮਬੰਦੀ ਨੂੰ ਹੋਰ ਤੇਜ ਕਰਨ ਅਤੇ ਆਉਣ ਵਾਲੇ ਫੈਸਲਾਕੁੰਨ ਸੰਘਰਸ਼ ਵਿੱਚ ਡਟਵਾਂ ਅਤੇ ਵਧਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਮਨਦੀਪ ਮਟਵਾਣੀ,ਕੁਲਦੀਪ ਸਿੰਘ ,ਸਰਬਨ ਮਾਣੂੰਕੇ,ਮੈਡਮ ਰਤਨਾ ਗੁਪਤਾ,ਨੀਲਮ,ਸਪਨਾ ਗੋਇਲ,ਮਨਦੀਪ ਕੌਰ ਆਦਿ ਹਾਜਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।