ਵੱਖ-ਵੱਖ ਮੁਕਾਬਲਿਆਂ ’ਚ 310 ਬੱਚਿਆਂ ਨੇ ਕੀਤੀ ਸ਼ਿਰਕਤ,ਬੱਚਿਆਂ ਨੂੰ ਅਮੀਰ ਵਿਰਸੇ ਨਾਲ ਜੋੜਨਾ ਸੁਸਾਇਟੀ ਦਾ ਪ੍ਰਸੰਸਾਯੋਗ ਉਪਰਾਲਾ : ਸੇਖੋਂ
ਕੋਟਕਪੂਰਾ, 2 ਅਕਤੂਬਰ (ਟਿੰਕੂ):- ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਬਾਬਾ ਬੱੁਢਾ ਸਾਹਿਬ ਜੀ ਦੀ ਯਾਦ ’ਚ ਵਿਸ਼ੇਸ਼ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਬੀਤੇ ਦਿਨੀ ਕਰਵਾਇਆ ਗਿਆ। ਜਿਸ ’ਚ ਵਿਸ਼ੇਸ਼ ਤੌਰ ’ਤੇ ਪਹੰੁਚੇ ਕੇ. ਸੀ. ਪਰਾਸ਼ਰ ਐਸ.ਐਚ.ਓ ਕੋਟਕਪੂਰਾ, ਐਡਵੋਕੇਟ ਕੁਲਇੰਦਰ ਸਿੰਘ ਸੇਖੋਂ, ਪੋ੍ਰ: ਅਰੁਣਾ ਰੰਦੇਵ, ਬਲਜੀਤ ਸਿੰਘ ਅਤੇ ਗੁਰਿੰਦਰ ਸਿੰਘ ਕੋਟਕਪੂਰਾ ਵੀ ਮੌਜੂਦ ਸਨ। ਇਸ ਸਮਾਗਮ ਵਿਚ ਬੱਚਿਆਂ ਦੇ ਪੇਂਟਿੰਗ, ਕਵਿਤਾ, ਵਾਰ, ਗੱਤਕਾ, ਖਾਲਸਾਈ ਡਰੈੱਸ ਅਤੇ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ। ਉਕਤ ਮੁਕਾਬਲਿਆਂ ’ਚ 310 ਪ੍ਰਤੀਯੋਗੀਆਂ ਨੇ ਸ਼ਮੂਲੀਅਤ ਕੀਤੀ। ਉਕਤ ਸਾਰੀਆਂ ਸ਼ਖਸ਼ੀਅਤਾਂ ਵਲੋਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਇਹ ਕਾਰਜ ਬਹੁਤ ਹੀ ਪ੍ਰਸੰਸਾਯੋਗ ਹੈ ਜੋ ਕਿ ਆਪਣੇ ਅਮੀਰ ਵਿਰਸੇ ਤੇ ਸ਼ਾਨਾਮੱਤੀ ਇਤਿਹਾਸ ਨਾਲ ਬੱਚਿਆਂ ਨੂੰ ਜੋੜਨ ਦਾ ਵੱਡਾ ਉਪਰਾਲਾ ਕਰ ਰਹੀ ਹੈ। ਸੁਸਾਇਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਰਾਜਾ, ਬੀਰਦਵਿੰਦਰ ਸਿੰਘ ਅਤੇ ਅਮਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਇਸ ਵਾਰ ਦਾ ਮਹੀਨਾਵਾਰੀ ਗੁਰਮਤਿ ਸਮਾਗਮ ਬੱਚਿਆਂ ਦਾ ਹੀ ਹੈ। ਸਮਾਗਮ ਦੀ ਆਰੰਭਤਾ ਨਿਤਨੇਮ ਕੌਰ ਵਲੋਂ ਅਰਦਾਸ ਕਰਨ ਨਾਲ ਹੋਈ। ਉਸ ਤੋਂ ਬਾਅਦ 15 ਬੱਚਿਆਂ ਨੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਗਾਇਣ ਕੀਤਾ। 228 ਬੱਚਿਆਂ ਨੇ ਪੇਂਟਿੰਗ ਮੁਕਾਬਲੇ ’ਚ, 24 ਬੱਚਿਆਂ ਨੇ ਕਵਿਤਾ ਮੁਕਾਬਲੇ ਵਿੱਚ ਤੇ 43 ਬੱਚਿਆਂ ਨੇ ਖਾਲਸਾਈ ਡਰੈੱਸ ਵਿਚ ਭਾਗ ਲਿਆ। ਬੱਚਿਆਂ ਵਲੋਂ ਇੱਕ 20 ਫੁੱਟ ਲੰਮੀ ਪੇਂਟਿੰਗ ਵੀ ਬਣਾਈ ਗਈ ਜੋ ਕਿ ਬਹੁਤ ਹੀ ਸੁੰਦਰ ਤੇ ਕਾਲਮਈ ਰੰਗਾਂ ਸਹਿਤ ਬਣੀ ਹੋਈ ਸੀ। ਰਣਜੀਤ ਅਖਾੜਾ ਬੁੱਢਾ ਦਲ ਕੋਟਕਪੂਰਾ ਨੇ ਗੱਤਕੇ ਦੀ ਪੇਸ਼ਕਾਰੀ ਕੀਤੀ। ਉਕਤ ਸ਼ਖ਼ਸ਼ੀਅਤਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ, ਮੈਮੋਟੋ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।