ਜੇ ਅਫੀਮ ਦੀ ਖੇਤੀ ਹੁੰਦੀ ਤਾਂ ਚਿੱਟੇ ਨਾਲ ਮਾਂਵਾਂ ਦੇ ਪੁੱਤ ਨਾ ਮਰਦੇ : ਗਾਂਧੀ

ਪਟਿਆਲਾ : ਸ੍ਰੀ ਮੁਕਤਸਰ ਸਾਹਿਬ ‘ਚ ਅਫੀਮ ਦੇ ਖੇਤੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੋਈ ਡੀ. ਡੀ. ਆਰ. ‘ਤੇ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਡਾ. ਗਾਂਧੀ ਨੇ ਕਿਹਾ ਹੈ ਕਿ ਜਦੋਂ ਤੋਂ ਪੰਜਾਬ ਵਿਚ ਅਫੀਮ ਬੰਦ ਹੋਈ ਹੈ, ਉਦੋਂ ਤੋਂ ਚਿੱਟੇ ਵਰਗੇ ਭਿਆਨਕ ਨਸ਼ਿਆਂ ਨੇ ਪੰਜਾਬ ਦੀਆ ਮਾਂਵਾਂ ਦੇ ਪੁੱਤ ਖੋਹ ਲਏ ਹਨ। ਡਾ. ਗਾਂਧੀ ਨੇ ਕਿਹਾ ਕਿ ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਵੀ ਅਫੀਮ ਦੀ ਖੇਤੀ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਗਾਂਧੀ ਨੇ ਕਿਹਾ ਕਿ ਸਰਕਾਰ ਈਮਾਨਦਾਰੀ ਨਾਲ ਦੱਸੇ ਕਿ ਪੰਜਾਬ ਵਿਚ ਨਸ਼ੇ ਕਿੱਥੋਂ ਤਕ ਬੰਦ ਹੋਏ ਹਨ। ਗਾਂਧੀ ਨੇ ਕਿਹਾ ਕਿ ਸਰਕਾਰ ਛੋਟੇ ਨਸ਼ਾ ਤਸਕਰਾਂ ਨੂੰ ਤਾ ਫੜ ਰਹੀ ਹੈ ਪਰ ਨਸ਼ੇ ਦੇ ਵੱਡੇ ਮਗਰਮੱਛਾਂ ‘ਤੇ ਨਕੇਲ ਨਹੀਂ ਕੱਸੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਖਸ-ਖਸ ਅਤੇ ਅਫੀਮ ਦੀ ਖੇਤੀ ਕਰਨ ਲਈ ਇਕ ਜਥੇਬੰਦੀ ਤਿਆਰ ਕੀਤੀ ਹੈ, ਜਿਸ ਦਾ ਉਹ ਸਮਰਥਨ ਕਰਦੇ ਹਨ। ਗਾਂਧੀ ਨੇ ਪੰਜਾਬ ਸਰਕਾਰ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇ ਸਕਦੇ ਹਨ ਤਾਂ ਪੰਜਾਬ ਕਿਉਂ ਨਹੀਂ।