ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ, ਹੁਣ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਦੀ ਤਬੀਅਤ ਹੋਈ ਨਾਸਾਜ਼, ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਮਾਖਾ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਮਾਨਸਾ, 1 ਅਕਤੂਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਅੰਦਰ ਪਹਿਲਾਂ ਹੀ ਭੂਚਾਲ ਵਰਗੀ ਸਥਿਤੀ ਬਣੀ ਹੋਈ ਹੈ ਤੇ ਅੱਜ ਮਾਨਸਾ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਮਾਖਾ ਦੇ ਪਾਰਟੀ ਤੋਂ ਅਸਤੀਫ਼ੇ ਨਾਲ ਸੰਕਟ ਹੋਰ ਡੂੰਘਾ ਹੋ ਗਿਆ ਹੈ।  ਪਾਰਟੀ ਦੇ ਰੂਹੇ ਰਵਾਂ ਸ: ਪ੍ਰਕਾਸ਼ ਸਿੰਘ ਬਾਦਲ ਜੋ ਹਮੇਸ਼ਾ ਪਾਰਟੀ ਨੂੰ ਗੰਭੀਰ ਸੰਕਟ ਵਿਚੋਂ ਕੱਢਣ ਦੇ ਮਾਹਿਰ  ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ ਉਹਨਾਂ ਦੇ ਸੁਚੇਤ ਯਤਨਾਂ ਦੇ ਬਾਵਜੂਦ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਬੰਧੀ ਵਿਧਾਨ ਸਭਾ ਵਿਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨਰ ਦੀ ਰਿਪੋਰਟ ਉਪਰੰਤ ਪਾਰਟੀ ਦੇ ਅਹਿਮ ਆਗੂਆਂ ’ਤੇ ਲੱਗੇ ਦੋਸ਼ਾਂ ਉਪਰੰਤ ਪਾਰਟੀ ਦੇ ਪ੍ਰੌੜ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਤੋਤਾ ਸਿੰਘ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਵਿਚੋਂ ਵਾਕਆੳੂਟ ਕਾਰਨ ਦੇ ਫੈਸਲੇ ਦਾ ਮੀਡੀਆ ਰਾਹੀਂ ਵਿਰੋਧ ਕਰਨ ਉਪਰੰਤ ਟਕਸਾਲੀ ਅਕਾਲੀਆਂ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਹਿਮ ਅਹੁਦਿਆਂ ਤੋਂ ਅਸਤੀਫ਼ਾ ਜਾਂ ਫਿਰ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਅਤੇ ਅਮਿ੍ਰਤਸਰ ਵਿਖੇ ਮਾਝੇ ਦੇ ਚੋਣਵੇਂ ਅਕਾਲੀ ਆਗੂਆਂ ਵੱਲੋਂ ਦੱਬੀ ਜ਼ੁਬਾਨ ਵਿਚ ਪਾਰਟੀ ਹਾਈ ਕਮਾਂਡ ਖਿਲਾਫ਼ ਪ੍ਰੈਸ ਕਾਨਫਰੰਸ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਦੀ ਝਾਲ ਵਿਚੋਂ ਬਾਹਰ ਆਉਣ ਲਈ ਪਾਰਟੀ ਵੱਲੋਂ ਉਹਨਾਂ ਦੇ ਸਪੁੱਤਰ ਸ: ਪਰਮਿੰਦਰ ਸਿੰਘ ਢੀਂਡਸਾ ਨੂੰ ਵਿਦੇਸ਼ ਦੌਰੇ ਤੋਂ ਤੁਰੰਤ ਵਾਪਸ ਆਉਣ ਲਈ ਆਖਿਆ ਗਿਆ ਹੈ ਤੇ ਅੱਜ ਸ਼ਾਮ ਤੱਕ ਉਹਨਾਂ ਦੇ ਚੰਡੀਗੜ ਪਹੁੰਚ ਜਾਣ ਦੀ ਉਮੀਦ ਹੈ ਪਰ ਇਸ ਤੋਂ ਪਹਿਲਾਂ ਹੀ ਮਾਲਵਾ ਇਲਾਕੇ ਵਿਚੋਂ ਆਈ ਇਕ ਹੋਰ ਖਬਰ ਨੇ ਸ਼ੋ੍ਰਮਣੀ ਅਕਾਲੀ ਦਲ ਲਈ ਨਵਾਂ ਸੰਕਟ ਖੜਾ ਕਰ ਦਿੱਤਾ। ਮਾਨਸਾ ਜ਼ਿਲੇ ਦੇ ਭੀਖੀ ਇਲਾਕੇ ਵਿਚੋਂ ਸੀਨੀਅਰ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਮਾਖਾ ਨੇ ‘ਤਬੀਅਤ ਨਾਸਾਜ਼’ ਹੋਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਜੋਗਾ ਅਤੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਮਾਖਾ ਨੇ ਪਾਰਟੀ ਹਾਈ ਕਮਾਂਡ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਭੇਜਦਿਆਂ ਸਪੱਸ਼ਟ ਕੀਤਾ ਕਿ ਉਨਾਂ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ ਅਤੇ ਉਹ ਸੂਬੇ ਭਰ ਵਿਚ ਹੋਈਆਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਸਨ। ਜ਼ਿਕਰਯੋਗ ਹੈ ਕਿ ਜਥੇਦਾਰ ਬਲਦੇਵ ਸਿੰਘ ਮਾਖਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ,ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ,ਬਲਾਕ ਸੰਮਤੀ ਮੈਂਬਰ ਅਤੇ 25-30 ਸਾਲ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ । ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਥੇਦਾਰ ਮਾਖਾ ਦੇ ਪਿਤਾ ਵੀ ਬਲਾਕ ਸੰਮਤੀ ਮਾਨਸਾ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ  ਇਹ ਪਰਿਵਾਰ ਇਲਾਕੇ ਵਿਚ ਵੱਡੇ ਸਿਆਸੀ ਆਧਾਰ ਵਾਲੇ ਪਰਿਵਾਰ ਵਜੋਂ ਜਾਣਿਆਂ ਜਾਂਦਾ ਹੈ। ਸ: ਪ੍ਰਕਾਸ਼ ਸਿੰਘ ਬਾਦਲ ਅਤੇ  ਬਲਵਿੰਦਰ ਸਿੰਘ ਭੂੰਦੜ ਦੇ ਅਤਿ ਨਜ਼ਦੀਕੀ ਸਾਥੀਆਂ ਵਿਚੋਂ ਜਾਣੇ ਜਾਂਦੇ ਬਲਦੇਵ ਸਿੰਘ ਮਾਖਾ ਨੂੰ ਅਸਤੀਫ਼ਾ ਨਾ ਦੇਣ ਲਈ ਇਲਾਕੇ ਦੇ ਆਗੂਆਂ ਨੇ ਕਾਫ਼ੀ ਚਾਰਾਜੋਈ ਕੀਤੀ ਪਰ ਉਹਨਾਂ ਅੰਦਰਖਾਤੇ ਆਖ ਦਿੱਤਾ ਕਿ ਸੰਨਿਆਸ ਲੈਣ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਆਖਣ ਦਾ ਫੈਸਲਾ ਅਟੱਲ ਹੈ ।  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।