10 ਟਾਇਰੀ ਟਰੱਕ ਨੇ 19 ਸਾਲਾ ਨੌਜਵਾਨ ਦਰੜਿਆ
ਮੋਗਾ,30 ਸਤੰਬਰ (ਜਸ਼ਨ)- ਅੱਜ ਮੋਗਾ ਵਿਖੇ 10 ਟਾਇਰੀ ਟਰੱਕ ਵੱਲੋਂ ਦਰੜੇ ਜਾਣ ਕਾਰਨ 19 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ । ਥਾਣਾ ਸਿਟੀ 1 ਦੇ ਤਫਤੀਸ਼ੀ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਦੇ ਕੰਡਕਟਰ ਨੂੰ ਗਿ੍ਰਫਤਾਰ ਕਰ ਲਿਆ ਹੈ ਜਦਕਿ ਡਰਾਈਵਰ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਹਨੀ ਸੋਢੀ ਨੇ ‘ਸਾਡਾ ਮੋਗਾ ਡੌਟ ਕੌਮ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਜਿਲੇਦਾਰ ਪ੍ਰਵਾਸੀ ਨੌਜਵਾਨ ਹੈ ਜੋ ਮੋਗਾ ਕਚਿਰੀਆਂ ਵਿਚ ਰਾਜੂ ਦੀ ਕੰਟੀਨ ’ਤੇ ਕੰਮ ਕਰਕੇ ਆਪਣਾ ਪੇਟ ਪਾਲ ਰਿਹਾ ਸੀ ਅੱਜ ਐਤਵਾਰ ਹੋਣ ਕਰਕੇ ਉਹ ਆਪਣੇ ਸਕੂਟਰ ’ਤੇ ਗਾਂਧੀ ਰੋਡ ਤੋਂ ਕੱਪੜੇ ਧੋਣ ਲਈ ਸਾਬਣ ਲੈਣ ਗਿਆ ਸੀ ਪਰ ਗਲਤ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਦੂਰ ਤੱਕ ਘੜੀਸਦਾ ਲੈ ਗਿਆ ਜਿਸ ਕਾਰਨ ਸੰਦੀਪ ਬੁਰੀ ਤਰਾਂ ਜ਼ਖਮੀ ਹੋ ਗਿਆ । ਉਸ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਵੇਖਦਿਆਂ ਡਾਕਟਰਾਂ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ । ਹਨੀ ਸੋਢੀ ਨੇ ਦੱਸਿਆ ਕਿ ਸੰਦੀਪ ਦਾ ਪਿਤਾ ਵੀ ਮੰਡੀ ਵਿਚ ਉਹਨਾਂ ਕੋਲ ਕੰਮ ਕਰਦਾ ਹੈ ਪਰ ਹਾਲ ਦੀ ਘੜੀ ਉਹ ਪਿੰਡ ਗਿਆ ਹੋਇਆ ਹੈ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।